ਇੱਥੋਂ ਦੀ ਵਿਸ਼ੇਸ਼ ਐੱਮ ਪੀ -ਐੱਮ ਐੱਲ ਏ ਅਦਾਲਤ ਨੇ ਅੱਜ ਮੰਡੀ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਸਬੂਤ ਦਰਜ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ, ਜਿਸ ਵਿੱਚ ਇਸਤਗਾਸਾ ਪੱਖ ਦੇ ਇੱਕ ਗਵਾਹ ਤੋਂ ਜਿਰਹ (cross-examination) ਕੀਤੀ ਗਈ।
ਕੰਗਨਾ ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਈ, ਕਿਉਂਕਿ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਸੀ। ਸ਼ਿਕਾਇਤਕਰਤਾ ਬਜ਼ੁਰਗ ਕਿਸਾਨ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਆਰ ਐੱਸ ਬਹਿਣੀਵਾਲ ਨੇ ਦੱਸਿਆ ਕਿ ਦੋ ਗਵਾਹ – ਸੁਰਜੀਤ ਸਿੰਘ (ਇੱਕ ਕਿਸਾਨ ਆਗੂ) ਅਤੇ ਜਸਵੀਰ ਸਿੰਘ (ਸ਼ਿਕਾਇਤਕਰਤਾ ਦੇ ਪਿੰਡ ਦਾ ਨਿਵਾਸੀ) – ਅਦਾਲਤ ਵਿੱਚ ਪੇਸ਼ ਹੋਏ। ਜਸਵੀਰ ਸਿੰਘ, ਜਿਨ੍ਹਾਂ ਦਾ ਮੁੱਖ ਬਿਆਨ (examination-in-chief) ਪਹਿਲਾਂ ਦਰਜ ਕੀਤਾ ਗਿਆ ਸੀ, ਤੋਂ ਸੁਣਵਾਈ ਦੌਰਾਨ ਜਿਰਹ ਕੀਤੀ ਗਈ।
ਦੂਜੇ ਗਵਾਹ ਸੁਰਜੀਤ ਸਿੰਘ ਦੀ ਗਵਾਹੀ ਨਹੀਂ ਹੋ ਸਕੀ ਅਤੇ ਇਸ ਨੂੰ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜੋ ਹੁਣ 7 ਅਪਰੈਲ ਨਿਸ਼ਚਿਤ ਕੀਤੀ ਗਈ ਹੈ। ਇੱਕ ਸਬੰਧਤ ਘਟਨਾਕ੍ਰਮ ਵਿੱਚ ਅਦਾਲਤ ਨੇ ਕੰਗਨਾ ਦੇ ਪਾਸਪੋਰਟ ਨੂੰ ਸਪੁਰਦ ਕਰਨ (surrender) ਬਾਰੇ ਇੱਕ ਅਰਜ਼ੀ ‘ਤੇ ਵੀ ਵਿਚਾਰ ਕੀਤਾ। ਉਨ੍ਹਾਂ ਦੇ ਵਕੀਲ ਨੇ ਇਸ ਬੇਨਤੀ ‘ਤੇ ਬਹਿਸ ਕਰਨ ਲਈ ਸਮਾਂ ਮੰਗਿਆ ਅਤੇ ਮਾਮਲੇ ਨੂੰ ਅਗਲੀ ਸੁਣਵਾਈ ‘ਤੇ ਵਿਚਾਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਗ਼ੌਰਤਲਬ ਹੈ ਕਿ ਇਹ ਮਾਮਲਾ 2020 ਦੇ ਇੱਕ ਟਵੀਟ ਨਾਲ ਸਬੰਧਤ ਹੈ ਜਿਸ ਵਿੱਚ ਰਣੌਤ ਨੇ ਕਥਿਤ ਤੌਰ ‘ਤੇ ਇੱਥੋਂ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਦੀ ਗਲਤ ਪਛਾਣ ਸ਼ਾਹੀਨ ਬਾਗ ਅੰਦੋਲਨ ਦੀ ਪ੍ਰਦਰਸ਼ਨਕਾਰੀ ਬਿਲਕਿਸ ਬਾਨੋ ਵਜੋਂ ਕੀਤੀ ਸੀ, ਅਤੇ ਅੱਗੇ ਦੋਸ਼ ਲਾਇਆ ਸੀ ਕਿ ਅਜਿਹੀਆਂ ਔਰਤਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ “100 ਰੁਪਏ ਵਿੱਚ ਉਪਲਬਧ” ਸਨ। ਇਨ੍ਹਾਂ ਟਿੱਪਣੀਆਂ ਕਾਰਨ ਵਿਆਪਕ ਗੁੱਸਾ ਫੈਲ ਗਿਆ ਸੀ, ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਜਨਵਰੀ 2021 ਵਿੱਚ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।






