ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਸਬ-ਡਵੀਜ਼ਨ ਵਿੱਚ ਢਲਿਆਰਾ ਨੇੜੇ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਪੰਜਾਬ ਦੇ ਕਪੂਰਥਲਾ ਤੋਂ 30 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਕਰੀਬ 90 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹੈ।
ਜਦੋਂ ਇਹ ਹਾਦਸਾ ਵਾਪਰਿਆ ਉਦੋਂ ਸ਼ਰਧਾਲੂ ਚਿੰਤਪੁਰਨੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਜਵਾਲਾਮੁਖੀ ਮੰਦਰ ਜਾ ਰਹੇ ਸਨ। ਜਾਣਕਾਰੀ ਮੁਤਾਬਕ ਜਿਵੇਂ ਹੀ ਟਰੈਕਟਰ ਢਲਿਆਰਾ ਦੇ ਇੱਕ ਤਿੱਖੇ ਮੋੜ ‘ਤੇ ਪਹੁੰਚਿਆ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਤੋਂ ਉਤਰ ਕੇ ਖੱਡ ਵਿੱਚ ਜਾ ਡਿੱਗੀ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਫੈਲ ਗਈ। ਸਥਾਨਕ ਨਿਵਾਸੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਨਾਲ ਜ਼ਖ਼ਮੀਆਂ ਨੂੰ ਖੱਡ ‘ਚੋਂ ਬਾਹਰ ਕੱਢਣ ‘ਚ ਮਦਦ ਮਿਲੀ।
ਪੁਲੀਸ ਅਤੇ ਐਮਰਜੈਂਸੀ ਟੀਮਾਂ ਜਲਦੀ ਹੀ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇਹਰਾ ਭੇਜ ਦਿੱਤਾ ਗਿਆ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।






