ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਘੁਟਾਲੇ ਦੇ ਕਥਿਤ ਮਾਮਲੇ ਵਿਚ ਅਦਾਲਤ ‘ਚ ਪੇਸ਼ ਨਾ ਹੋਣ ਸਬੰਧੀ ਕੀਤੇ ਐਲਾਨ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਖੁਦ ਨੂੰ ਕਾਨੂੰਨ ਤੋਂ ਉੱਪਰ ਸਮਝਣ ਲੱਗੇ ਹਨ।
ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ , “ਅਰਵਿੰਦ ਕੇਜਰੀਵਾਲ ਜੀ, ਤੁਸੀਂ ਐਲਾਨ ਕੀਤਾ ਹੈ ਕਿ ਸੀ ਬੀ ਆਈ ਵੱਲੋਂ ਸ਼ਰਾਬ ਘੁਟਾਲੇ ਵਿਚ ਤੁਹਾਡੇ ਖਿਲਾਫ ਪਾਈ ਅਪੀਲ ਦੇ ਮਾਮਲੇ ਵਿਚ ਤੁਸੀਂ ਹਾਈਕੋਰਟ ਵਿਚ ਪੇਸ਼ ਨਹੀਂ ਹੋਵੋਗੇ। ਇਹ ਤੁਹਾਡਾ ਡਰ ਹੈ ਜਾਂ ਘਮੰਡ। ਕੀ ਤੁਸੀਂ ਹੁਣ ਅਦਾਲਤ ਤੋਂ ਵੀ ਉੱਪਰ ਹੋ ਗਏ ਹੋ। ਕੀ ਤੁਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਵੀ ਨਹੀਂ ਮੰਨੋਗੇ।”
ਉਨ੍ਹਾਂ ਕਿਹਾ, ”ਯਾਦ ਰੱਖੋ, ਸੀ ਬੀ ਆਈ ਨੇ ਕਾਨੂੰਨ ਅਨੁਸਾਰ ਹੀ ਇਹ ਅਪੀਲ ਕੀਤੀ ਹੈ ਤੇ ਹਾਂ, ਤੁਸੀਂ ਜੋ ਇਹ ਨਿਯਮ ਆਪਣੇ ਲਈ ਘੜਿਆ ਹੈ, ਕੀ ਉਸੇ ਨਿਯਮਾਂ ਅਨੁਸਾਰ ਤੁਹਾਡੀ ਪੰਜਾਬ ਦੀ ‘ਆਪ’ ਸਰਕਾਰ ਮਾਨਯੋਗ ਹਾਈਕੋਰਟ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਪੂਰਾ ਡੀ ਏ ਤੇ ਸਾਰਾ ਬਕਾਇਆ ਦੇਣ ਦੇ ਹੁਕਮ ਖਿਲਾਫ ਅਪੀਲ ਨਹੀਂ ਕਰੇਗੀ। ਤੁਸੀਂ ਕਿਹਾ ਕਰਦੇ ਹੋ ਸੱਤਯਮੇਵ ਜਯਤੇ। ਫਿਰ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਡਰ ਕਿਸ ਗੱਲ ਦਾ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਚੰਗੀ ਸਲਾਹ ਇਹ ਹੈ ਕਿ ਵਿਚਾਰਾ ਬਣਨ ਦੀ ਕੋਸ਼ਿਸ਼ ਨਾ ਕਰੋ, ਸੱਚ ਦਾ ਸਾਹਮਣਾ ਕਰੋ।”
ਜਾਖੜ ਨੇ ਕਿਹਾ ਕਿ ‘ਆਪ’ ਦਾ ਹਮੇਸ਼ਾ ਹੀ ਦੋਹਰਾ ਚਰਿੱਤਰ ਰਿਹਾ ਹੈ। ਉਨ੍ਹਾਂ ਨੇ ਆਪ ਸੁਪਰੀਮੋ ਨੂੰ ਕਿਹਾ ਕਿ ਪਹਿਲਾਂ ਵੀ ਅਦਾਲਤ ਦਾ ਹੀ ਫੈਸਲਾ ਆਇਆ ਸੀ ਅਤੇ ਮਾਨਯੋਗ ਹਾਈਕੋਰਟ ਵੀ ਕਾਨੂੰਨ ਅਨੁਸਾਰ ਹੀ ਕੇਸ ਦਾ ਫੈਸਲਾ ਕਰੇਗੀ। ਉਨ੍ਹਾਂ ਕਿਹਾ ਭਾਰਤੀ ਕਾਨੂੰਨਾਂ ਅਨੁਸਾਰ ਅਕਸਰ ਸਰਕਾਰ ਵੀ ਅਤੇ ਪੀੜਤ ਧਿਰ ਵੀ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਉੱਪਰਲੀ ਅਦਾਲਤ ਵਿਚ ਜਾਂਦੀ ਰਹਿੰਦੀ ਹੈ। ਇਸ ਵਿਚ ਆਪ ਸੁਪਰੀਮੋ ਨੂੰ ਇਹ ਨਾਟਕ ਸ਼ੋਭਾ ਨਹੀਂ ਦਿੰਦਾ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਇਹ ਦਲੀਲ ਮੰਨੀਏ ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਹੀ ਅੰਤਿਮ ਮੰਨ ਲਿਆ ਜਾਣਾ ਚਾਹੀਦਾ ਹੈ, ਤਾਂ ਫਿਰ ਪੰਜਾਬ ਦੀ ‘ਆਪ’ ਸਰਕਾਰ ਕਰਮਚਾਰੀਆਂ ਦੇ ਡੀ ਏ (DA) ਮਾਮਲੇ ਵਿੱਚ ਹਾਈਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਿਉਂ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਜਦੋਂ ਹਾਈਕੋਰਟ ਨੇ ਮੁਲਾਜ਼ਮਾਂ ਨੂੰ ਡੀ ਏ ਦੀਆਂ ਕਿਸਤਾਂ ਅਤੇ ਸਾਰਾ ਬਕਾਇਆ ਦੇਣ ਦਾ ਹੁਕਮ ਦੇ ਦਿੱਤਾ ਹੈ, ਤਾਂ ਸਰਕਾਰ ਇਸ ਨੂੰ ਲਾਗੂ ਕਰਨ ਦੀ ਬਜਾਏ ਅਦਾਲਤ ਵਿੱਚ ਚੁਣੌਤੀ ਕਿਉਂ ਦੇਣ ਜਾ ਰਹੀ ਹੈ।






