ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਹੁਣ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 28 ਅਪਰੈਲ ਤੋਂ 3 ਮਈ ਤੱਕ ਸੂਬੇ ਵਿੱਚ ਬਰਫ਼ਬਾਰੀ, ਗੜੇਮਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ। ਵਿਭਾਗ ਨੇ 28 ਅਪਰੈਲ ਲਈ ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਅਤੇ ਬਿਜਲੀ ਲਿਸ਼ਕਣ ਦੀ ਚਿਤਾਵਨੀ ਦਿੰਦਿਆਂ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਊਨਾ, ਬਿਲਾਸਪੁਰ ਅਤੇ ਹਮੀਰਪੁਰ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਿਲਸਿਲਾ 29 ਅਪਰੈਲ ਨੂੰ ਵੀ ਜਾਰੀ ਰਹਿਣ ਦੀ ਉਮੀਦ ਹੈ ਜਿਸ ਲਈ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਪੇਸ਼ੀਨਗੋਈ ਕਰ ਦਿੱਤੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 3 ਮਈ ਤੱਕ ਸੂਬੇ ਵਿੱਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਚੱਲ ਸਕਦਾ ਹੈ। ਅਗਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਕੜਕਦੀ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਮੌਸਮ ਜ਼ਿਆਦਾਤਰ ਖ਼ੁਸ਼ਕ ਰਿਹਾ ਅਤੇ ਦਿਨ ਵੇਲੇ ਕਾਫੀ ਗਰਮੀ ਮਹਿਸੂਸ ਕੀਤੀ ਗਈ। ਜ਼ਿਆਦਾਤਰ ਥਾਵਾਂ ‘ਤੇ ਤਾਪਮਾਨ ਆਮ ਨਾਲੋਂ 2 ਤੋਂ 7 ਡਿਗਰੀ ਤੱਕ ਉੱਪਰ ਰਿਹਾ।
ਤਾਪਮਾਨ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਊਨਾ ਸਭ ਤੋਂ ਗਰਮ ਰਿਹਾ ਜਿੱਥੇ ਪਾਰਾ 42 ਡਿਗਰੀ ਤੱਕ ਪਹੁੰਚ ਗਿਆ, ਜਦੋਂ ਕਿ ਲਾਹੌਲ-ਸਪਿਤੀ ਦਾ ਕੁਕੁਮਸੇਰੀ ਪਿੰਡ 6.4 ਡਿਗਰੀ ਘੱਟੋ-ਘੱਟ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ, ਧਰਮਸ਼ਾਲਾ ਵਿੱਚ 33.1 ਡਿਗਰੀ, ਕਾਂਗੜਾ ਵਿੱਚ 36.7 ਡਿਗਰੀ ਅਤੇ ਮੰਡੀ ਵਿੱਚ 36 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੋਲਨ, ਸੁੰਦਰਨਗਰ ਅਤੇ ਨਾਹਨ ਵਰਗੇ ਇਲਾਕਿਆਂ ਵਿੱਚ ਵੀ ਤਾਪਮਾਨ 33 ਤੋਂ 36 ਡਿਗਰੀ ਦੇ ਵਿਚਕਾਰ ਰਿਹਾ। ਹੁਣ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਅਤੇ ਬਰਫ਼ਬਾਰੀ ਨਾਲ ਇਨ੍ਹਾਂ ਸਾਰੀਆਂ ਥਾਵਾਂ ‘ਤੇ ਮੌਸਮ ਸੁਹਾਵਣਾ ਹੋਣ ਦੀ ਉਮੀਦ ਹੈ।






