ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਹੋਰ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸ਼ੀਸ਼ ਮਿਸ਼ਰਾ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ।
ਬੈਂਚ ਨੇ ਮਿਸ਼ਰਾ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਪਰਿਵਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਸਥਾਨ ਜਾਣ ਦੀ ਇਜਾਜ਼ਤ ਵਾਸਤੇ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਛੋਟ ਮੰਗੀ ਸੀ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ, “ਸਾਨੂੰ ਇਸ ਬੇਨਤੀ ’ਤੇ ਵਿਚਾਰ ਕਰਨ ਦਾ ਕੋਈ ਆਧਾਰ ਨਹੀਂ ਦਿਖਦਾ। ਅਰਜ਼ੀ ਖਾਰਜ ਕੀਤੀ ਜਾਂਦੀ ਹੈ।”
ਸਿਖ਼ਰਲੀ ਅਦਾਲਤ ਦੇ ਜਨਵਰੀ 2023 ਦੇ ਜ਼ਮਾਨਤ ਹੁਕਮਾਂ ਵਿੱਚ ਸੋਧ ਦੀ ਮੰਗ ਕਰਦਿਆਂ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੌਜੂਦਾ ਪਾਬੰਦੀਆਂ ਕਾਰਨ ਉਹ ਪਰਿਵਾਰਕ ਸਮਾਗਮਾਂ, ਜਿਸ ਵਿੱਚ ਉਸ ਦੀਆਂ ਧੀਆਂ ਦੇ ਜਨਮਦਿਨ ਦੇ ਜਸ਼ਨ ਵੀ ਸ਼ਾਮਲ ਹਨ, ਵਿੱਚ ਸ਼ਾਮਲ ਹੋਣ ਤੋਂ ਅਸਮਰੱਥ ਹੈ।
ਇਸ ਤੋਂ ਪਹਿਲਾਂ, ਜਦੋਂ ਵੀ ਮੰਗ ਕੀਤੀ ਗਈ ਸੀ, ਉਸ ਨੂੰ ਤਿਉਹਾਰਾਂ ਦੌਰਾਨ ਲਖੀਮਪੁਰ ਵਿੱਚ ਆਪਣੇ ਪਰਿਵਾਰ ਨਾਲ ਇੱਕ ਨਿਸ਼ਚਿਤ ਸਮੇਂ ਲਈ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਦੀ ਮਿਆਦ ਪੁੱਗਣ ਤੋਂ ਬਾਅਦ ਉਸ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਲਖਨਊ ਵਾਪਸ ਜਾਣਾ ਪੈਂਦਾ ਸੀ।
ਉੱਤਰ ਪ੍ਰਦੇਸ਼ ਪੁਲੀਸ ਨੇ ਪਿਛਲੇ ਮਹੀਨੇ ਆਪਣੀ ਸਥਿਤੀ ਰਿਪੋਰਟ ਵਿੱਚ ਬੈਂਚ ਨੂੰ ਦੱਸਿਆ ਸੀ ਕਿ ਕਥਿਤ ਗਵਾਹਾਂ ਨੂੰ ਡਰਾਉਣ-ਧਮਕਾਉਣ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਪਿਤਾ-ਪੁੱਤਰ ਵਿਰੁੱਧ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ ਹੈ।
ਬੈਂਚ ਨੂੰ ਸੂਚਿਤ ਕੀਤਾ ਗਿਆ ਕਿ ਇਸ ਮਾਮਲੇ ਵਿੱਚ ਸੁਣਵਾਈ ਤਿੰਨ ਮਹੀਨਿਆਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦੇ ਖਿਲਾਫ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਇੱਕ ਐੱਸ ਯੂ ਵੀ (SUV) ਚੜ੍ਹਾ ਦਿੱਤੀ ਗਈ ਸੀ, ਜਿਸ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਭਾਜਪਾ ਦੇ ਦੋ ਵਰਕਰ, ਇੱਕ ਡਰਾਈਵਰ ਅਤੇ ਇੱਕ ਪੱਤਰਕਾਰ ਮਾਰੇ ਗਏ ਸਨ। ਦੋਸ਼ ਸੀ ਕਿ ਆਸ਼ੀਸ਼ ਉਨ੍ਹਾਂ ਕਾਰਾਂ ਵਿੱਚੋਂ ਇੱਕ ਗੱਡੀ ਚਲਾ ਰਿਹਾ ਸੀ।
ਲਖੀਮਪੁਰ ਖੀਰੀ ਦੀ ਇੱਕ ਅਦਾਲਤ ਨੇ 6 ਦਸੰਬਰ 2022 ਨੂੰ ਇਸ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਅਤੇ 12 ਹੋਰਨਾਂ ਵਿਰੁੱਧ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਕੁਝ ਹੋਰ ਅਪਰਾਧਾਂ ਤਹਿਤ ਦੋਸ਼ ਆਇਦ ਕੀਤੇ ਸਨ। 14ਵੇਂ ਮੁਲਜ਼ਮ ਵੀਰੇਂਦਰ ਸ਼ੁਕਲਾ ‘ਤੇ ਸਬੂਤ ਨਸ਼ਟ ਕਰਨ ਲਈ ਆਈ ਪੀ ਸੀ ਦੀ ਧਾਰਾ 201 ਤਹਿਤ ਦੋਸ਼ ਲਾਇਆ ਗਿਆ ਸੀ। ਮੌਜੂਦਾ ਸਮੇਂ ਵਿੱਚ ਮੁਕੱਦਮਾ (ਟਰਾਇਲ) ਜਾਰੀ ਹੈ।






