ਕੁਆਲਾਲੰਪੁਰ ਤੋਂ ਕੋਚੀ ਆ ਰਹੀ ਇੱਕ ਉਡਾਣ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰਨ, ਖਿੜਕੀ ਦੇ ਪੈਨਲ ਨੂੰ ਨੁਕਸਾਨ ਪਹੁੰਚਾਉਣ ਅਤੇ ਸਾਥੀ ਯਾਤਰੀਆਂ ਤੇ ਕੈਬਿਨ ਅਮਲੇ ਨੂੰ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਯਾਤਰੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਮਸ਼ੀਰ ਅਥਾਨਿੱਕਲ ਨਾਮਕ ਵਿਅਕਤੀ ਬਟਿਕ ਏਅਰ (Batik Air) ਦੀ ਉਡਾਣ OD231 ‘ਤੇ ਸਫ਼ਰ ਕਰ ਰਿਹਾ ਸੀ।
ਐੱਫ ਆਈ ਆਰ (FIR) ਦੇ ਅਨੁਸਾਰ, ਇਹ ਘਟਨਾ ਰਾਤ 9:30 ਵਜੇ ਤੋਂ 11:05 ਵਜੇ ਦੇ ਦਰਮਿਆਨ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਵਾ ਵਿੱਚ ਉਡਾਣ ਭਰ ਰਿਹਾ ਸੀ।
ਐੱਫ ਆਈ ਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਥਾਨਿੱਕਲ ਨੇ ਜਹਾਜ਼ ਦਾ ਐਮਰਜੈਂਸੀ ਗੇਟ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਇਸ ਦੇ ਖਿੜਕੀ ਦੇ ਪੈਨਲ ਨੂੰ ਨੁਕਸਾਨ ਪਹੁੰਚਾਇਆ ਅਤੇ ਸਾਥੀ ਯਾਤਰੀਆਂ ਨੂੰ ਧਮਕੀਆਂ ਦਿੱਤੀਆਂ, ਜਿਸ ਨਾਲ ਉੱਡ ਰਹੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਕੈਬਿਨ ਅਮਲੇ ਨੇ ਦਖ਼ਲ ਦੇ ਕੇ ਯਾਤਰੀ ਨੂੰ ਕਾਬੂ ਕੀਤਾ।
ਇਹ ਮਾਮਲਾ ਕੋਚੀ ਵਿਖੇ ਬਟਿਕ ਏਅਰ ਦੇ ਸੁਰੱਖਿਆ ਇੰਚਾਰਜ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਵੀਰਵਾਰ ਤੜਕੇ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਉੱਥੇ ਹੀ ਕੋਚੀਨ ਕੌਮਾਂਤਰੀ ਏਅਰਪੋਰਟ ਲਿਮਟਿਡ (CIAL) ਨੇ ਕਿਹਾ ਕਿ ਫ਼ਲਾਈਟ ਦੇ ਸਵੇਰੇ ਲਗਪਗ 2:40 ਵਜੇ ਪਹੁੰਚਣ ਤੋਂ ਬਾਅਦ ਯਾਤਰੀ ਨੂੰ ਸ਼ੁਰੂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਸੀ ਆਈ ਏ ਐੱਲ (CIAL) ਨੇ ਕਿਹਾ ਕਿ ਏਅਰਲਾਈਨ ਨੇ ਲਾਗੂ ਨਿਯਮਾਂ ਦੇ ਅਨੁਸਾਰ ਜ਼ਰੂਰੀ ਪ੍ਰਕਿਰਿਆਵਾਂ ਸ਼ੁਰੂ ਕਰ ਦਿੱਤੀਆਂ ਹਨ।
ਬਿਆਨ ਵਿੱਚ ਕਿਹਾ ਗਿਆ, “ਲੋੜੀਂਦੀ ਜਾਂਚ ਅਤੇ ਮੁਰੰਮਤ ਤੋਂ ਬਾਅਦ, ਜਹਾਜ਼ ਨੂੰ ਸੰਚਾਲਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਉਦੋਂ ਤੋਂ ਇਹ ਆਪਣੀ ਵਾਪਸੀ ਦੀ ਸੇਵਾ ਲਈ ਰਵਾਨਾ ਹੋ ਚੁੱਕਾ ਹੈ।”






