ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 31 ਜੁਲਾਈ ਨੂੰ ਸਮਾਪਤ ਹੋਏ ਹਫ਼ਤੇ ਵਿੱਚ 10.51 ਅਰਬ ਡਾਲਰ ਵਧ ਕੇ 692.87 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰ ਬੀ ਆਈ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਇੱਕ ਹਫ਼ਤੇ ਪਹਿਲਾਂ ਵਿਦੇਸ਼ੀ ਮੁਦਰਾ ਭੰਡਾਰ 6.12 ਅਰਬ ਡਾਲਰ ਦੇ ਵਾਧੇ ਨਾਲ 682.35 ਅਰਬ ਡਾਲਰ ਰਿਹਾ ਸੀ।
ਇਸ ਸਾਲ 27 ਫ਼ਰਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ 728.49 ਅਰਬ ਡਾਲਰ ਦੇ ਸਿਖ਼ਰਲੇ ਪੱਧਰ ‘ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਸੰਘਰਸ਼ ਸ਼ੁਰੂ ਹੋਣ ਅਤੇ ਰੁਪਏ ‘ਤੇ ਦਬਾਅ ਵਧਣ ਕਾਰਨ ਕਈ ਹਫ਼ਤਿਆਂ ਤੱਕ ਇਸ ਵਿੱਚ ਗਿਰਾਵਟ ਆਈ, ਕਿਉਂਕਿ ਕੇਂਦਰੀ ਬੈਂਕ ਨੂੰ ਡਾਲਰ ਦੀ ਵਿਕਰੀ ਕਰਕੇ ਬਾਜ਼ਾਰ ਵਿੱਚ ਦਖ਼ਲ ਦੇਣਾ ਪਿਆ।
ਸਮੀਖਿਆ ਅਧੀਨ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਭ ਤੋਂ ਵੱਡਾ ਹਿੱਸਾ ਰੱਖਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ 8.75 ਅਰਬ ਡਾਲਰ ਦੇ ਵਾਧੇ ਨਾਲ ਵਧ ਕੇ 564.68 ਅਰਬ ਡਾਲਰ ਤੱਕ ਪਹੁੰਚ ਗਈਆਂ ਹਨ।
ਇਸ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 1.68 ਅਰਬ ਡਾਲਰ ਵਧ ਕੇ 104.74 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ ਡੀ ਆਰ.) 4.8 ਕਰੋੜ ਡਾਲਰ ਵਧ ਕੇ 18.67 ਅਰਬ ਡਾਲਰ ‘ਤੇ ਪਹੁੰਚ ਗਏ।
ਆਰ ਬੀ ਆਈ ਦੇ ਅੰਕੜਿਆਂ ਮੁਤਾਬਕ, ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਵਿੱਚ ਦੇਸ਼ ਦਾ ਰਾਖਵਾਂ ਭੰਡਾਰ ਵੀ 2.8 ਕਰੋੜ ਡਾਲਰ ਵਧ ਕੇ 4.78 ਅਰਬ ਡਾਲਰ ਹੋ ਗਿਆ।






