ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ। ਉਹ ਹਮੇਸ਼ਾ ਲੋਕਾਂ ਲਈ ਖੜ੍ਹੇ ਰਹੇ ਅਤੇ ਕਿਹਾ ਕਿ ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਖੁਸ਼ੀ ਨਾਲ ਰਹਿਣਾ ਚਾਹੀਦਾ ਹੈ।
“ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ‘ਤੇ ਦੋ ਵਾਰ ਪਵਿੱਤਰ ਸਥਾਨਾਂ ‘ਤੇ ਹਮਲਾ ਕਰ ਚੁੱਕੀਆਂ ਹਨ”
ਸੁਖਬੀਰ ਬਾਦਲ ਨੇ ਕਿਹਾ, “ਜਦੋਂ ਵੀ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਨ੍ਹਾਂ ਨੇ ਫ਼ਿਰਕੂ ਸਦਭਾਵਨਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ। ਇਨ੍ਹਾਂ ਤਾਕਤਾਂ ਨੇ ਇੱਕ ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਹੁਣ ਫਿਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮਿਸ਼ਨ ਪੰਜਾਬ ਵਿੱਚ ਹਾਲਾਤਾਂ ’ਤੇ ਕਾਬੂ ਪਾਉਣਾ ਅਤੇ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਉਨ੍ਹਾਂ ਨੇ ਮੇਰੇ ’ਤੇ ਸਭ ਤੋਂ ਪਵਿੱਤਰ ਸਥਾਨਾਂ ’ਤੇ ਹਮਲਾ ਕੀਤਾ ਹੈ। ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਅਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ।”
“ਪਰਮਾਤਮਾ ਦੀ ਕਿਰਪਾ ਨਾਲ ਮੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ”
ਉਨ੍ਹਾਂ ਅੱਗੇ ਕਿਹਾ, “ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬਸ਼ਕਤੀਮਾਨ ਗੁਰੂ ਕਰਦਾ ਹੈ, ਉਸ ਦਾ ਕੁਝ ਨਹੀਂ ਵਿਗੜ ਸਕਦਾ। ਉਹ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ। ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ।”
ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ।
ਡਰਦਾ”: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਦੁਹਰਾਇਆ, “ਮੈਂ ਉਦੋਂ ਵੀ ਨਹੀਂ ਡਰਿਆ ਸੀ, ਮੈਂ ਹੁਣ ਵੀ ਨਹੀਂ ਡਰਦਾ। ਅਕਾਲੀ ਦਲ ਫ਼ਿਰਕੂ ਸਦਭਾਵਨਾ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ 1 ਹੈ।”
ਇਸ ਹਮਲੇ ਦੌਰਾਨ ਸੁਖਬੀਰ ਬਾਦਲ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਸੱਜੇ ਹੱਥ ‘ਤੇ ਸੱਟ ਲੱਗੀ ਸੀ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਤਿੰਨ ਟਾਂਕੇ ਲੱਗੇ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਜੋ ਪਹਿਲਾਂ ਦਸੰਬਰ 2024 ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਹੋਏ ਹਮਲੇ ਤੋਂ ਵੀ ਬਚ ਨਿਕਲੇ ਸਨ, ਘਟਨਾ ਵੇਲੇ ਨੰਦੇੜ ਵਿੱਚ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਈ ਸਿਹਤ ਬਾਰੇ ਜਾਣਕਾਰੀ
ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਦੀ ਸਿਹਤ ਬਾਰੇ ਪੁੱਛਣ ਲਈ ਫ਼ੋਨ ਕਰਨ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਬਾਅਦ ਵਿੱਚ ਸਾਂਝਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੇ ਪਤੀ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਕੀਤੇ ਗਏ ਉਪਰਾਲੇ ਤੋਂ ਅੰਦਰੋਂ ਬਹੁਤ ਪ੍ਰਭਾਵਿਤ ਹੋਏ ਹਨ।
ਹਮਲਾਵਰ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਸਪਾਲ ਸਿੰਘ ਦੀ ਉਮਰ ਲਗਪਗ 60-62 ਸਾਲ ਹੈ, ਉਹ ਲਾਅ ਗ੍ਰੈਜੂਏਟ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਗੁਰਦੁਆਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਜ਼ਿਕਰਯੋਗ ਹੈ ਕਿ 4 ਦਸੰਬਰ 2024 ਨੂੰ ਇੱਕ ਸਾਬਕਾ ਖਾਲਿਸਤਾਨੀ ਪੱਖੀ ਕੱਟੜਪੰਥੀ ਨਰਾਇਣ ਸਿੰਘ ਚੌੜਾ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਬਾਹਰ “ਸਿੱਖ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਲਤੀਆਂ” ਦੀ ਮੁਆਫ਼ੀ ਵਜੋਂ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸੁਖਬੀਰ ‘ਤੇ ਹਮਲਾ ਕੀਤਾ ਸੀ।






