ਯੂਕਰੇਨ ’ਚ ਆਰਸਲਰ-ਮਿੱਤਲ ਸਟੀਲ ਪਲਾਂਟ ’ਤੇ ਰੂਸੀ ਮਿਜ਼ਾਈਲ ਹਮਲੇ ’ਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ਕਾਰਨ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਦੀ ਮਾਲਕੀ ਵਾਲੇ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਦਾ ਸੰਚਾਲਨ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਹੋਇਆ ਹੈ।
ਮੱਧ ਯੂਕਰੇਨ ਦੇ ਕ੍ਰਿਵੀ ਰੀਹ ’ਚ ਸਥਿਤ ਪਬਲਿਕ ਜੁਆਇੰਟ ਸਟੌਕ ਕੰਪਨੀ (ਪੀ ਜੇ ਐੱਸ ਸੀ) ਆਰਸੇਲਰ-ਮਿੱਤਲ ਕ੍ਰਿਵੀ ਰੀਹ ਨੇ ਲੰਘੀ ਰਾਤ ਪਲਾਂਟ ’ਤੇ ਹੋਏ ਮਿਜ਼ਾਈਲ ਹਮਲੇ ਦੀ ਨਿਖੇਧੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਪਲਾਂਟ ਨੂੰ ‘ਹਮਲਾਵਰ ਦੇਸ਼ ਵੱਲੋਂ ਮਿਜ਼ਾਈਲ ਹਮਲੇ’ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਸ਼ੁਰੂਆਤ ਵਿੱਚ ਕੰਪਨੀ ਨੇ ਹਮਲੇ ’ਚ ਇੱਕ ਸ਼ਖ਼ਸ ਦੀ ਮੌਤ ਅਤੇ 13 ਕਰਮਚਾਰੀਆਂ ਤੇ ਠੇਕੇਦਾਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਸੀ। ਬਾਅਦ ਵਿੱਚ ਕੰਪਨੀ ਨੇ ‘ਦੁਸ਼ਮਣ ਦੇ ਮਿਜ਼ਾਈਲ ਹਮਲੇ’ ਦੇ ਸਬੰਧ ਵਿੱਚ ਨਵਾਂ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ, ‘‘ਦੂਜੀ ਲਾਸ਼ ਵੀ ਮਲਬੇ ਹੇਠੋਂ ਕੱਢੀ ਗਈ ਹੈ। ਹੁਣ ਤੱਕ ਇਸ ਹਮਲੇ ’ਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।’’ ਬਚਾਅ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਫਾਇਰ ਬ੍ਰਿਗੇਡ, ਕਿਰਤ ਸੁਰੱਖਿਆ ਵਿਭਾਗ ਦੇ ਕਰਮਚਾਰੀ, ਬਚਾਅਕਰਮੀ ਅਤੇ ਮੈਡੀਕਲ ਟੀਮਾਂ ਮੌਕੇ ’ਤੇ ਕੰਮ ਕਰ ਰਹੀਆਂ ਹਨ। ਮਿਜ਼ਾਈਲ ਹਮਲੇ ’ਚ ਪ੍ਰਭਾਵਿਤ ਲੋਕਾਂ ਨੂੰ ਸ਼ਹਿਰ ਦੀਆਂ ਮੈਡੀਕਲ ਸੰਸਥਾਵਾਂ ’ਚ ਲੋੜੀਂਦਾ ਇਲਾਜ ਮੁਹੱਈਆ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਜ਼ਖ਼ਮੀ ਕਰਮਚਾਰੀਆਂ ਅਤੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਨਾਲ ਉਸ ਦੀ ਪੂਰੀ ਹਮਦਰਦੀ ਹੈ। ਹਮਲੇ ’ਚ ਊਰਜਾ ਅਤੇ ‘ਬਲਾਸਟ ਫਰਨੈੱਸ’ ਉਤਪਾਦਨ ਨਾਲ ਜੁੜੀਆਂ ਮੁੱਖ ਉਤਪਾਦਨ ਇਕਾਈਆਂ ਨੁਕਸਾਨੀਆਂ ਗਈਆਂ ਹਨ।






