Amritsar Abu Dhabi Flight: ਏਅਰ ਇੰਡੀਆ ਐਕਸਪ੍ਰੈੱਸ 29 ਅਕਤੂਬਰ ਤੋਂ ਅੰਮ੍ਰਿਤਸਰ ਅਤੇ ਅਬੂ ਧਾਬੀ ਵਿਚਕਾਰ ਇੱਕ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਪੰਜਾਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਆਉਣ-ਜਾਣ ਦਾ ਇੱਕ ਨਵਾਂ ਸਾਧਨ ਮਿਲ ਜਾਵੇਗਾ। ਏਅਰਲਾਈਨ ਦੀ ਵੈੱਬਸਾਈਟ ਅਤੇ ਯਾਤਰਾ ਪੋਰਟਲ ‘ਤੇ ਉਪਲਬਧ ਬੁਕਿੰਗ ਵੇਰਵਿਆਂ ਅਨੁਸਾਰ ਇਹ ਉਡਾਣ ਹਫ਼ਤੇ ਵਿੱਚ ਤਿੰਨ ਵਾਰ ਵੀਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਚੱਲੇਗੀ।
ਇਹ ਫਲਾਈਟ ਅੰਮ੍ਰਿਤਸਰ ਤੋਂ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਰਾਤ 11:50 ਵਜੇ ਅਬੂ ਧਾਬੀ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਨੂੰ ਰਾਤ 12:55 ਵਜੇ ਅਬੂ ਧਾਬੀ ਤੋਂ ਚੱਲੇਗੀ ਅਤੇ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਉਡਾਣ ਦਾ ਸਮਾਂ ਲਗਪਗ ਚਾਰ ਘੰਟੇ 40 ਮਿੰਟ ਅਤੇ ਵਾਪਸੀ ਵਾਲੇ ਪਾਸੇ ਤਿੰਨ ਘੰਟੇ 50 ਮਿੰਟ ਦਾ ਹੋਵੇਗਾ।
ਯਾਤਰੀਆਂ ਨੂੰ ਮਿਲੇਗੀ ਰਾਹਤ ਅਤੇ ਵਧੇਗੀ ਅੰਤਰਰਾਸ਼ਟਰੀ ਕੁਨੈਕਟੀਵਿਟੀ
‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਖਾਸ ਤੌਰ ‘ਤੇ ਉਨ੍ਹਾਂ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਨੂੰ ਫਾਇਦਾ ਹੋਵੇਗਾ ਜੋ ਪੰਜਾਬ ਤੋਂ ਅਬੂ ਧਾਬੀ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਬੂ ਧਾਬੀ ਜਾਣ ਵਾਲੇ ਬਹੁਤ ਸਾਰੇ ਯਾਤਰੀਆਂ ਨੂੰ ਜਾਂ ਤਾਂ ਦਿੱਲੀ ਤੋਂ ਉਡਾਣ ਭਰਨੀ ਪੈਂਦੀ ਹੈ ਜਾਂ ਫਿਰ ਅੰਮ੍ਰਿਤਸਰ ਤੋਂ ਦੁਬਈ ਜਾਂ ਸ਼ਾਰਜ਼ਾਹ ਜਾ ਕੇ ਸੜਕ ਰਸਤੇ ਆਪਣਾ ਸਫ਼ਰ ਜਾਰੀ ਰੱਖਣਾ ਪੈਂਦਾ ਹੈ। ਸਿੱਧੀ ਕੁਨੈਕਟੀਵਿਟੀ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਯਾਤਰਾ ਦਾ ਖਰਚਾ ਤੇ ਪ੍ਰੇਸ਼ਾਨੀ ਘੱਟ ਹੋਵੇਗੀ।
ਇਸ ਮੁਹਿੰਮ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਪੰਜਾਬ ਦੇ ਅੰਤਰਰਾਸ਼ਟਰੀ ਗੇਟਵੇਅ ਵਜੋਂ ਅੰਮ੍ਰਿਤਸਰ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਅਬੂ ਧਾਬੀ ਦੇ ਜੁੜਨ ਨਾਲ ਏਅਰਲਾਈਨ ਦੇ ਸਮਾਂ-ਸਾਰਣੀ ਵਿੱਚ ਬਦਲਾਅ ਅਧੀਨ ਹੁਣ ਦੁਬਈ, ਸ਼ਾਰਜ਼ਾਹ ਅਤੇ ਅਬੂ ਧਾਬੀ ਲਈ ਅੰਮ੍ਰਿਤਸਰ ਅਤੇ ਯੂ.ਏ.ਈ. ਵਿਚਕਾਰ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ ਵਧ ਕੇ 31 ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਏਅਰ ਇੰਡੀਆ ਐਕਸਪ੍ਰੈੱਸ ਅਤੇ ਹੋਰ ਭਾਰਤੀ ਏਅਰਲਾਈਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਤੋਂ ਖਾੜੀ ਦੇ ਹੋਰਨਾਂ ਸ਼ਹਿਰਾਂ ਮਸਕਟ ਅਤੇ ਕੁਵੈਤ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਅਤੇ ਕੰਮ ਕਰਦੇ ਹਨ।






