ਸਾਊਦੀ ਅਰਬ ਨੇ ਇਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ‘ਤੇ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ, ਜਿਸ ਦੀ ਖੇਤਰ ਦੇ ਦੇਸ਼ਾਂ ਨੇ ਨਿਖੇਧੀ ਤਾਂ ਕੀਤੀ ਪਰ ਕਿਸੇ ਨੇ ਵੀ ਫੌਜੀ ਮਦਦ ਦਾ ਸੰਕੇਤ ਨਹੀਂ ਦਿੱਤਾ।
ਅਮਰੀਕਾ ਦਾ ਅਹਿਮ ਸਹਿਯੋਗੀ ਸਾਊਦੀ ਅਰਬ ਇਰਾਨ ਨਾਲ ਚੱਲ ਰਹੇ ਸੰਘਰਸ਼ ਦੇ ਨਵੇਂ ਮੋਰਚੇ ਵਿੱਚ ਹੋਰ ਡੂੰਘਾਈ ਨਾਲ ਉਲਝਦਾ ਜਾ ਰਿਹਾ ਹੈ ਅਤੇ ਉਸ ਨੇ ਮੱਕਾ ਨੂੰ ‘ਲਕਸ਼ਮਣ ਰੇਖਾ’ ਕਰਾਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਸਾਊਦੀ ਅਰਬ ‘ਤੇ ਉਸ ਦੇ ਖੇਤਰੀ ਦੁਸ਼ਮਣ ਤਹਿਰਾਨ ਦੇ ਸਮਰਥਕ ਬਾਗੀਆਂ ਵੱਲੋਂ ਹਮਲੇ ਹੋ ਰਹੇ ਹਨ। ਅਜਿਹੇ ਵਿੱਚ, ਇਸ ਦੇਸ਼ ਨੂੰ ਆਪਣੇ ਕੱਚੇ ਤੇਲ ਲਈ ਇੱਕ ਸੁਰੱਖਿਅਤ ਰਸਤੇ ਅਤੇ ਨਾਲ ਹੀ ਫੌਜੀ ਮਦਦ ਦੀ ਲੋੜ ਹੈ। ਹਾਲਾਂਕਿ, ਇਨ੍ਹਾਂ ਦੋਵਾਂ ਵਿੱਚੋਂ ਕਿਸੇ ਲਈ ਵੀ ਕੋਈ ਸਪਸ਼ਟ ਬਦਲ ਅਜੇ ਤੱਕ ਨਹੀਂ ਦਿਖ ਰਿਹਾ ਹੈ।
ਖ਼ਬਰਾਂ ਮੁਤਾਬਕ, ਸਾਊਦੀ ਅਰਬ ਦੀ ਇੱਕ ਅਹਿਮ ਪਾਈਪਲਾਈਨ ਹਫ਼ਤਿਆਂ ਤੋਂ ਬੰਦ ਹੈ। ਯਮਨ ਦੇ ਹੂਤੀ ਬਾਗੀ ਸਾਊਦੀ ਅਰਬ ਦੇ ਬੁਨਿਆਦੀ ਢਾਂਚੇ ਅਤੇ ਲਾਲ ਸਾਗਰ ਵਿੱਚ ਉਸ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਬਾਬ ਅਲ-ਮੰਦੇਬ ਜਲ ਮਾਰਗ ਵਿੱਚ ਕਈ ਟਾਪੂਆਂ ‘ਤੇ ਕਬਜ਼ਾ ਵੀ ਕਰ ਲਿਆ ਹੈ। ਇਰਾਨ ਵੀ ਹਰਮੁਜ਼ ਜਲ ਮਾਰਗ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਘਟਨਾਕ੍ਰਮਾਂ ਦੇ ਵਿਚਕਾਰ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀਆਂ ਹੋਈਆਂ ਹਨ।
ਦੂਜੇ ਪਾਸੇ, ਹੂਤੀਆਂ ਨੇ ਯਮਨ ਦੀ ਸਰਹੱਦ ਤੋਂ ਲਗਪਗ 1,100 ਕਿਲੋਮੀਟਰ ਦੂਰ ਮੱਕਾ ਵੱਲ ਡਰੋਨ ਦਾਗ਼ਣ ਤੋਂ ਇਨਕਾਰ ਕੀਤਾ। ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਜਨਮ ਸਥਾਨ ਦੇ ਉੱਪਰ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਡਰੋਨ ਨੂੰ ਨਸ਼ਟ ਕਰ ਦਿੱਤਾ। ਇਸ ਦੌਰਾਨ ਤੁਰਕੀਏ ਅਤੇ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਸਾਊਦੀ ਨੇ ਉਨ੍ਹਾਂ ਤੋਂ ਕਿਸੇ ਮਦਦ ਦੀ ਬੇਨਤੀ ਨਹੀਂ ਕੀਤੀ।
ਸਾਊਦੀ ਅਰਬ, ਨਾਟੋ ਦੇ ਮੈਂਬਰ ਤੁਰਕੀਏ ਅਤੇ ਪਰਮਾਣੂ ਹਥਿਆਰਬੰਦ ਪਾਕਿਸਤਾਨ ਵਿਚਕਾਰ ਇੱਕ ਨਵਾਂ ਰੱਖਿਆ ਸਮਝੌਤਾ ਅਜੇ ਤੱਕ ਅਮਲ ਵਿੱਚ ਨਹੀਂ ਆਇਆ ਹੈ। ਤੁਰਕੀਏ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ‘ਦ ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਹੂਤੀਆਂ ਦੇ ਵਧਦੇ ਹਮਲੇ ਦੇ ਜਵਾਬ ਵਿੱਚ ਸਾਊਦੀ ਅਰਬ ਤੋਂ ਸਹਾਇਤਾ ਲਈ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ ਹੈ।
ਤੁਰਕੀਏ ਦੇ ਅਧਿਕਾਰੀ ਨੇ ਕਿਹਾ ਕਿ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਗਠਜੋੜ ਨੂੰ “ਸੰਸਥਾਗਤ” ਬਣਾਉਣ ਦੀਆਂ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੱਕਾ ‘ਤੇ ਡਰੋਨ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤੇ ਸਾਊਦੀ ਅਰਬ “ਪੂਰੀ ਮਜ਼ਬੂਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ” ਖੜ੍ਹੇ ਹਨ। 57 ਤੋਂ ਵੱਧ ਮੁਸਲਿਮ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ‘ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ’ ਨੇ ਵੀ ਇਸ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਕੋਸ਼ਿਸ਼ “ਪਵਿੱਤਰ ਸਥਾਨਾਂ ਦੀ ਪਵਿੱਤਰਤਾ” ਦੀ ਉਲੰਘਣਾ ਕਰਦੀ ਹੈ।






