Goldman Sachs ਦੀ ਇੱਕ ਰਿਪੋਰਟ ਅਨੁਸਾਰ, ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਰਿਫਾਈਨਰੀਆਂ ਵੱਲੋਂ ਡੀਜ਼ਲ ਦੇ ਉਤਪਾਦਨ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਾਲ-ਦਰ-ਸਾਲ ਦੇ ਹਿਸਾਬ ਨਾਲ ਗਲੋਬਲ ਪੈਟਰੋਲ (ਗੈਸੋਲੀਨ) ਦੀ ਬਰਾਮਦ ਵਿੱਚ 24 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਪ੍ਰਮੁੱਖ ਬਾਜ਼ਾਰਾਂ ਵਿੱਚ ਪੈਟਰੋਲ ਦੀ ਸਪਲਾਈ ’ਚ ਕਮੀ ਆਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਫਾਈਨਰੀਆਂ ਤੱਕ ਕੱਚੇ ਤੇਲ ਦੀ ਸਪਲਾਈ ਵਿੱਚ ਆਈਆਂ ਰੁਕਾਵਟਾਂ ਦੇ ਵਿਚਕਾਰ ਅਮਰੀਕਾ ਅਤੇ ਯੂਰਪ ਵਿੱਚ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ਦੇ ਨੇੜੇ ਬਣੀਆ ਹੋਈਆਂ ਹਨ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਧਦੇ ਫਰਕ ਨੇ ਰਿਫਾਈਨਰਾਂ ਨੂੰ ਪੈਟਰੋਲ ਦੀ ਕੀਮਤ ’ਤੇ ਡੀਜ਼ਲ ਦਾ ਉਤਪਾਦਨ ਵਧਾਉਣ ਲਈ ਮਜਬੂਰ ਕੀਤਾ ਹੈ।
ਕੀਮਤਾਂ ਵਿੱਚ ਵੱਡਾ ਅੰਤਰ: ਅਮਰੀਕੀ ਡੀਜ਼ਲ ਅਤੇ ਪੈਟਰੋਲ ਵਿਚਕਾਰ ਕੀਮਤ ਦਾ ਫਰਕ ਵਧ ਕੇ 60 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਿਆ ਹੈ, ਜੋ ਇੱਕ ਸਾਲ ਪਹਿਲਾਂ 3 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਸੀ। ਇਸ ਕਾਰਨ ਰਿਫਾਈਨਰਾਂ ਲਈ ਡੀਜ਼ਲ ਦਾ ਉਤਪਾਦਨ ਵਧਾਉਣਾ ਜ਼ਿਆਦਾ ਲਾਹੇਵੰਦ ਹੋ ਗਿਆ ਹੈ।
ਉਤਪਾਦਨ ਦੇ ਅੰਕੜੇ: ਅਮਰੀਕੀ ਰਿਫਾਈਨਰੀਆਂ ਵਿੱਚ ਮਾਰਚ ਤੋਂ ਅਗਸਤ ਦਰਮਿਆਨ ਡੀਜ਼ਲ ਦਾ ਉਤਪਾਦਨ ਆਮ ਨਾਲੋਂ 0.6 ਫੀਸਦ ਪੁਆਇੰਟ ਵੱਧ ਰਿਹਾ, ਜਦਕਿ ਇਸੇ ਸਮੇਂ ਦੌਰਾਨ ਪੈਟਰੋਲ ਦਾ ਉਤਪਾਦਨ ਆਮ ਨਾਲੋਂ 1.3 ਫੀਸਦ ਪੁਆਇੰਟ ਘੱਟ ਦਰਜ ਕੀਤਾ ਗਿਆ।
ਓਈਸੀਡੀ ਦੇਸ਼ਾਂ ਦਾ ਹਾਲ: Goldman Sachs ਅਨੁਸਾਰ ਇਹੀ ਰੁਝਾਨ ‘ਓਈਸੀਡੀ’ (OECD) ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਦੂਜੀ ਤਿਮਾਹੀ ਦੌਰਾਨ ਡੀਜ਼ਲ ਦਾ ਉਤਪਾਦਨ ਲਗਪਗ ਸਥਿਰ ਰਿਹਾ, ਜਦਕਿ ਪੈਟਰੋਲ ਦੇ ਉਤਪਾਦਨ ਵਿੱਚ 2 ਫੀਸਦੀ ਦੀ ਗਿਰਾਵਟ ਆਈ।
ਮੰਗ ਅਤੇ ਸਟਾਕ ਦੀ ਸਥਿਤੀ:
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਊਰਜਾ ਦੀਆਂ ਉੱਚੀਆਂ ਕੀਮਤਾਂ ਦੇ ਬਾਵਜੂਦ ਪੈਟਰੋਲ ਦੀ ਮੰਗ ਡੀਜ਼ਲ ਦੇ ਮੁਕਾਬਲੇ ਮਜ਼ਬੂਤ ਰਹੀ ਹੈ। ਮਈ ਤੋਂ ਜੁਲਾਈ ਦਰਮਿਆਨ ਡੀਜ਼ਲ ਦੀ ਗਲੋਬਲ ਮੰਗ ਵਿੱਚ 4 ਫੀਸਦੀ ਦੀ ਗਿਰਾਵਟ ਆਈ, ਜਦਕਿ ਪੈਟਰੋਲ ਦੀ ਖਪਤ ਵਿੱਚ ਅਜਿਹੀ ਵੱਡੀ ਕਮੀ ਨਹੀਂ ਦੇਖੀ ਗਈ।
ਇਸ ਤੋਂ ਇਲਾਵਾ, ਨੈਫਥਾ (Naphtha) ਦੀ ਘੱਟ ਉਪਲਬਧਤਾ ਕਾਰਨ ਵੀ ਪੈਟਰੋਲ ਬਾਜ਼ਾਰਾਂ ’ਤੇ ਦਬਾਅ ਵਧ ਰਿਹਾ ਹੈ। ਪਿਛਲੇ ਪੰਜ ਮਹੀਨਿਆਂ ਵਿੱਚ ਗਲੋਬਲ ਨੈਫਥਾ ਬਰਾਮਦ ਵਿੱਚ 30 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਬਲੈਂਡਿੰਗ ਲਾਗਤ ਵਧ ਗਈ ਹੈ। ਗੋਲਡਮੈਨ ਸੈਕਸ ਦਾ ਕਹਿਣਾ ਹੈ ਕਿ ਮੱਧ ਪੂਰਬ ਅਤੇ ਰੂਸ-ਯੂਕਰੇਨ ਸੰਕਟ ਕਾਰਨ ਬਣੇ ਤਣਾਅ ਨਾਲ ਗਲੋਬਲ ਪੈਟਰੋਲ ਬਾਜ਼ਾਰ ਵਿੱਚ ਇਹ ਸਮੱਸਿਆ ਹੋਰ ਵਧ ਸਕਦੀ ਹੈ।





