ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 19 ਮਹੀਨੇ ਪੂਰੇ ਕਰ ਲਏ ਹਨ। ਇਸ ਮੁਹਿੰਮ ਤਹਿਤ ਪੁਲੀਸ ਨੇ 1 ਮਾਰਚ, 2023 ਤੋਂ ਹੁਣ ਤੱਕ 63,616 ਐੱਫ ਆਈ ਆਰ ਦਰਜ ਕਰਕੇ 81,107 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 4,161 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਪੰਜਾਬ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ 4,161 ਕਿਲੋ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲੀਸ ਨੇ 10 ਕੁਇੰਟਲ ਅਫ਼ੀਮ, 476 ਕੁਇੰਟਲ ਭੁੱਕੀ, 130 ਕਿਲੋ ਚਰਸ, 1,747 ਕਿਲੋ ਗਾਂਜਾ, 77 ਕਿਲੋ ਆਈ ਸੀ ਈ (ICE), 65.75 ਲੱਖ ਨਸ਼ੀਲੀਆਂ ਗੋਲੀਆਂ ਅਤੇ 22.2 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਹੈ।
ਇਸੇ ਦੌਰਾਨ ਪੁਲੀਸ ਟੀਮਾਂ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ 254ਵੇਂ ਦਿਨ ਵੀ ਕਾਰਵਾਈ ਜਾਰੀ ਰੱਖਦਿਆਂ 543 ਛਾਪੇਮਾਰੀਆਂ ਕਰਕੇ 13 ਹਥਿਆਰਾਂ ਸਮੇਤ 248 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 163 ਵਿਅਕਤੀਆਂ ਵਿਰੁੱਧ ਰੋਕਥਾਮ ਵਾਲੀ ਕਾਰਵਾਈ ਕੀਤੀ ਗਈ ਅਤੇ ਅੱਠ ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਐਂਟੀ ਗੈਂਗਸਟਰ ਹੈਲਪਲਾਈਨ’ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਰੂਪ ਵਿੱਚ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਚਨਾ ਵੀ ਦੇ ਸਕਦੇ ਹਨ।






