ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਜਣਿਆਂ ’ਤੇ ਨਵੀਂ ਦਿੱਲੀ ਦੇ ਥਾਣਾ ਈ.ਓ.-2 ’ਚ ਐੱਫ਼.ਆਈ.ਆਰ. ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸੀਬੀਆਈ ਨਵੀਂ ਦਿੱਲੀ ਦੇ ਏ.ਐੱਸ.ਪੀ. ਸ੍ਰੀ ਕੇ.ਐੱਲ. ਮੋਸੇਸ ਨੂੰ ਸੌਂਪੀ ਗਈ ਹੈ। ਸੀਬੀਆਈ ਨੇ ਐੱਫ਼.ਆਈ.ਆਰ. ਨੰਬਰ RC 2202026 E 0013 ਦਰਜ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 5 ਅਕਤੂਬਰ ਨੂੰ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ।
ਸੀਬੀਆਈ ਵੱਲੋਂ ਅੱਜ ਜਨਤਕ ਕੀਤੀ ਐੱਫ਼.ਆਈ.ਆਰ. ਅਨੁਸਾਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਫ਼ੌਰੀ ਈਡੀ ਨੇ ਈ-ਮੇਲ ਜ਼ਰੀਏ ਡੀ.ਜੀ.ਪੀ. ਪੰਜਾਬ ਨੂੰ ਲਿਖੇ ਪੱਤਰਾਂ ਦੀ ਕਾਪੀ ਸੀਬੀਆਈ ਨੂੰ ਭੇਜ ਦਿੱਤੀ ਸੀ। ਸੀਬੀਆਈ ਨੇ 5 ਅਕਤੂਬਰ ਦੀ ਰਾਤ 11:49 ਵਜੇ ਐੱਫ਼.ਆਈ.ਆਰ. ਦਰਜ ਕਰ ਦਿੱਤੀ ਸੀ। ਲੰਘੇ ਕੱਲ੍ਹ ਸੀਬੀਆਈ ਨੇ ਕਰੀਬ 5 ਵਜੇ ਤੋਂ ਬਾਅਦ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਇਸ ਐੱਫ਼.ਆਈ.ਆਰ. ’ਚ ਈਡੀ ਦੇ ਸਹਾਇਕ ਡਾਇਰੈਕਟਰ ਅਕਸ਼ੈ ਕੁਮਾਰ ਸ਼ਿਕਾਇਤਕਰਤਾ ਹਨ।
ਸਾਲ 2023 ਤੋਂ 2026 ਦੇ ਸਮੇਂ ਦੌਰਾਨ ਹੋਏ ਮਾਮਲਿਆਂ ਦੀ ਜਾਂਚ ਕੀਤੀ ਜਾਣੀ ਹੈ। ਐੱਫ਼.ਆਈ.ਆਰ. ’ਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ’ਚ ਦਖ਼ਲ, ਟੈਂਡਰਾਂ ਤੇ ਅਸਲਾ ਲਾਇਸੈਂਸਾਂ ਆਦਿ ’ਚ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ।
ਖ਼ਾਸ ਗੱਲ ਇਹ ਹੈ ਕਿ ਸੀਬੀਆਈ ਨੇ ਇਸ ਮਾਮਲੇ ਦੀ ਐੱਫ਼.ਆਈ.ਆਰ. ਦਿੱਲੀ ’ਚ ਦਰਜ ਕੀਤੀ ਹੈ। ਸੂਤਰ ਦੱਸਦੇ ਹਨ ਕਿ ਸੀਬੀਆਈ ਦੀਆਂ ਜਿਨ੍ਹਾਂ ਟੀਮਾਂ ਵੱਲੋਂ ਲੰਘੇ ਕੱਲ੍ਹ ਛਾਪੇ ਮਾਰੇ ਗਏ ਸਨ, ਉਨ੍ਹਾਂ ’ਚ ਪੰਜਾਬ ਤੇ ਚੰਡੀਗੜ੍ਹ ਦੇ ਕਿਸੇ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਈਡੀ ਨੇ ਸੀਬੀਆਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਭੇਜੀ ਹੈ। ਐੱਫ਼.ਆਈ.ਆਰ. ਵਿੱਚ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ.ਐੱਸ. ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ।
ਸੀਬੀਆਈ ਨੇ ਲੰਘੇ ਕੱਲ੍ਹ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਕੈਂਪ ਦਫ਼ਤਰ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਆਦਿ ਵਿੱਚ ਛਾਪੇ ਮਾਰੇ ਸਨ।





