ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀਆਂ ਸਾਰੀਆਂ ਦਸ ਸੀਟਾਂ ਦਾ ਫ਼ੈਸਲਾ ਬਿਨਾਂ ਕਿਸੇ ਮੁਕਾਬਲੇ ਦੇ ਹੋ ਗਿਆ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅੱਠ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਬੁੱਧਵਾਰ ਨੂੰ ਪੜਤਾਲ ਦੌਰਾਨ ਦੋ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਹੀ ਚੋਣ ਦਾ ਨਤੀਜਾ ਤੈਅ ਹੋ ਗਿਆ ਸੀ। ਨਾਮ ਵਾਪਸ ਲੈਣ ਦੇ ਆਖ਼ਰੀ ਸਮੇਂ ਤੱਕ ਕਿਸੇ ਵੀ ਉਮੀਦਵਾਰ ਵੱਲੋਂ ਨਾਮ ਵਾਪਸ ਨਾ ਲਏ ਜਾਣ ਕਾਰਨ, 10 ਸੀਟਾਂ ਲਈ ਮੈਦਾਨ ਵਿੱਚ ਪੂਰੇ 10 ਯੋਗ ਉਮੀਦਵਾਰ ਹੀ ਰਹਿ ਗਏ ਸਨ, ਜਿਸ ਨਾਲ 16 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਦੀ ਲੋੜ ਹੀ ਖ਼ਤਮ ਹੋ ਗਈ।
ਰਾਜ ਸਭਾ ਲਈ ਚੁਣੇ ਗਏ ਭਾਜਪਾ ਦੇ ਅੱਠ ਉਮੀਦਵਾਰਾਂ ਵਿੱਚ ਰਾਜ ਮੰਤਰੀ ਧਰਮਪਾਲ ਸਿੰਘ, ਭਾਜਪਾ ਓ ਬੀ ਸੀ ਮੋਰਚਾ ਦੇ ਮੁਖੀ ਪ੍ਰਕਾਸ਼ ਪਾਲ, ਸ਼ਰੂਤੀ ਗੰਗਵਾਰ, ਵਿਦਿਆਸਾਗਰ ਸੋਨਕਰ, ਪ੍ਰਿਅੰਕਾ ਸਿੰਘ ਰਾਵਤ, ਰਾਧਾਕਾਂਤ ਓਝਾ, ਗੋਪੀ ਕ੍ਰਿਸ਼ਨ ਪਾਂਡੇ ਅਤੇ ਰਾਮ ਪ੍ਰਤਾਪ ਸਿੰਘ ਚੌਹਾਨ ਸ਼ਾਮਲ ਹਨ।
ਸਪਾ ਦੇ ਦੋ ਉਮੀਦਵਾਰਾਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਕੌਮੀ ਜਨਰਲ ਸਕੱਤਰ 80 ਸਾਲਾ ਰਾਮ ਗੋਪਾਲ ਯਾਦਵ ਅਤੇ ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਧਨਰਾਜ ਪਰਿਮਲ ਨੱਥਵਾਨੀ ਸ਼ਾਮਲ ਹਨ।
ਉੱਤਰ ਪ੍ਰਦੇਸ਼ ਤੋਂ ਮੌਜੂਦਾ 10 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ। ਇਨ੍ਹਾਂ 10 ਸੀਟਾਂ ਵਿੱਚੋਂ ਅੱਠ ਸੀਟਾਂ ਭਾਜਪਾ ਕੋਲ ਸਨ, ਜਦਕਿ ਸਪਾ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਕੋਲ ਇੱਕ-ਇੱਕ ਸੀਟ ਸੀ।
ਇਸ ਨਤੀਜੇ ਦਾ ਮਤਲਬ ਹੈ ਕਿ ਭਾਜਪਾ ਅਤੇ ਉਸਦੇ ਸਾਥੀਆਂ ਨੇ ਆਪਣੀਆਂ ਅੱਠ ਸੀਟਾਂ ਬਰਕਰਾਰ ਰੱਖੀਆਂ ਹਨ, ਜਦਕਿ ਸਪਾ ਨੇ ਦੋ ਸੀਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਰਾਜ ਸਭਾ ਵਿੱਚ ਬਸਪਾ ਦੀ ਨੁਮਾਇੰਦਗੀ ਖ਼ਤਮ ਹੋ ਜਾਵੇਗੀ।
9 ਅਕਤੂਬਰ ਨੂੰ ਨਾਮ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਰਸਮੀ ਤੌਰ ‘ਤੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤਾ।






