Indian Air Force: ਭਾਰਤੀ ਹਵਾਈ ਫੌਜ ਨੂੰ ਹੁਣ ਆਪਣਾ ਵੱਖਰਾ ਸੈਟੇਲਾਈਟ ਮਿਲੇਗਾ, ਜਿਸ ਨਾਲ ਜਹਾਜ਼ਾਂ ਵਿਚਾਲੇ ਸੰਚਾਰ ਤੇਜ਼ ਅਤੇ ਸੁਰੱਖਿਅਤ ਹੋਵੇਗਾ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਜੀਸੈਟ-7ਸੀ ਸੈਟੇਲਾਈਟ ਤਿਆਰ ਕਰਨ ਲਈ 2,563 ਕਰੋੜ ਰੁਪਏ ਦਾ ਸਮਝੌਤਾ ਕੀਤਾ। ਹੁਣ ਤੱਕ ਹਵਾਈ ਫੌਜ ਆਪਣੀਆਂ ਸੰਚਾਰ ਲੋੜਾਂ ਲਈ ਹੋਰ ਸੈਟੇਲਾਈਟਾਂ ਦੀ ਸਮਰੱਥਾ ਭਾਰਤੀ ਥਲ ਫੌਜ ਅਤੇ ਜਲ ਸੈਨਾ ਨਾਲ ਸਾਂਝੀ ਕਰਦੀ ਰਹੀ ਹੈ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਸਮਝੌਤਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਨਾਲ ਕੀਤਾ ਗਿਆ ਹੈ। ਸਮਝੌਤੇ ’ਤੇ ਅੱਜ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਖਰੀਦ ਵਿਭਾਗ ਦੇ ਡਾਇਰੈਕਟਰ ਜਨਰਲ ਏ. ਅੰਬਰਾਸੂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ।
ਜੰਗ ਦੌਰਾਨ ਤਸਵੀਰਾਂ ਤੇ ਜਾਣਕਾਰੀ ਤੁਰੰਤ ਮਿਲੇਗੀ
ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੀ ਤਿਆਰ ਅਤੇ ਵਿਕਸਤ ਕੀਤਾ ਜਾਣ ਵਾਲਾ ਇਹ ਸੈਟੇਲਾਈਟ ਹਵਾਈ ਫੌਜ ਦੇ ਜਹਾਜ਼ਾਂ ਅਤੇ ਹੋਰ ਸਾਧਨਾਂ ਵਿਚਾਲੇ ਸੁਰੱਖਿਅਤ ਸੰਚਾਰ ਨੂੰ ਮਜ਼ਬੂਤ ਕਰੇਗਾ। ਇਸ ਨਾਲ ਜ਼ਮੀਨੀ ਕੇਂਦਰਾਂ ਅਤੇ ਉਡਾਣ ਭਰ ਰਹੇ ਜਹਾਜ਼ਾਂ ਵਿਚਾਲੇ ਤਸਵੀਰਾਂ, ਵੀਡੀਓ ਅਤੇ ਹੋਰ ਜਾਣਕਾਰੀ ਤੁਰੰਤ ਭੇਜੀ ਜਾ ਸਕੇਗੀ। ਜੰਗ ਦੌਰਾਨ ਕਮਾਂਡਰ ਆਪਣੇ ਕੇਂਦਰਾਂ ਵਿੱਚ ਬੈਠ ਕੇ ਹਵਾਈ ਖੇਤਰ ਦੀਆਂ ਤਾਜ਼ਾ ਤਸਵੀਰਾਂ ਅਤੇ ਫ਼ੌਜੀ ਕਾਰਵਾਈਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ।
ਜਾਣਕਾਰੀ ਦੀ ਸੁਰੱਖਿਆ ਲਈ ਉੱਚ ਪੱਧਰੀ ਇਨਕ੍ਰਿਪਸ਼ਨ ਤਕਨੀਕ ਵਰਤੀ ਜਾਵੇਗੀ ਤਾਂ ਜੋ ਕੋਈ ਬਾਹਰੀ ਧਿਰ ਇਸ ਨੂੰ ਗ਼ੈਰ-ਅਧਿਕਾਰਤ ਤਰੀਕੇ ਨਾਲ ਹਾਸਲ ਨਾ ਕਰ ਸਕੇ। ਇਸ ਨਾਲ ਹਵਾਈ ਫੌਜ ਦੀ ਕਾਰਵਾਈ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਪਹਿਲਾਂ ਵੀ ਲਾਂਚ ਹੋ ਚੁੱਕੇ ਹਨ ਫ਼ੌਜੀ ਸੈਟੇਲਾਈਟ
ਭਾਰਤ ਨੇ 1990ਵਿਆਂ ਵਿੱਚ ਰੱਖਿਆ ਲਈ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਸ਼ੁਰੂ ਕੀਤੀ ਸੀ। ਇਸਰੋ ਨੇ 2013 ਵਿੱਚ ਜੀਸੈਟ-7 ਸੈਟੇਲਾਈਟ ਲਾਂਚ ਕੀਤਾ ਸੀ, ਜਿਸ ਨੂੰ ‘ਰੁਕਮਣੀ’ ਵੀ ਕਿਹਾ ਜਾਂਦਾ ਹੈ। ਇਹ ਜਲ ਸੈਨਾ ਦੇ ਜਹਾਜ਼ਾਂ ਅਤੇ ਹਵਾਈ ਸਾਧਨਾਂ ਵਿਚਾਲੇ ਸੰਚਾਰ ਲਈ ਵਰਤਿਆ ਜਾਂਦਾ ਹੈ।
ਰੱਖਿਆ ਖਰੀਦ ਕੌਂਸਲ ਨੇ 2021 ਵਿੱਚ ਜੀਸੈਟ-7ਸੀ ਅਤੇ ਇਸ ਨਾਲ ਜੁੜੇ ਜ਼ਮੀਨੀ ਕੇਂਦਰਾਂ ਦੀ ਖਰੀਦ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਸੀ। ਦਸੰਬਰ 2018 ਵਿੱਚ ਲਾਂਚ ਕੀਤਾ ਗਿਆ ਜੀਸੈਟ-7ਏ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ, ਡਰੋਨਾਂ, ਰਡਾਰ ਕੇਂਦਰਾਂ ਅਤੇ ਹਵਾਈ ਅੱਡਿਆਂ ਨੂੰ ਜੋੜਦਾ ਹੈ। ਇਸ ਦੀ ਸਮਰੱਥਾ ਹਵਾਈ ਫੌਜ ਅਤੇ ਥਲ ਫੌਜ ਸਾਂਝੀ ਕਰਦੀਆਂ ਹਨ।
ਪਿਛਲੇ ਸਾਲ 2 ਨਵੰਬਰ ਨੂੰ ਇਸਰੋ ਨੇ ਜਲ ਸੈਨਾ ਲਈ ਸੀਐੱਮਐੱਸ-03 ਸੈਟੇਲਾਈਟ ਲਾਂਚ ਕੀਤਾ ਸੀ, ਜਿਸ ਨੂੰ ਜੀਸੈਟ-7ਆਰ ਵੀ ਕਿਹਾ ਜਾਂਦਾ ਹੈ। ਨਵਾਂ ਸਮਝੌਤਾ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਤਹਿਤ ਦੇਸੀ ਰੱਖਿਆ ਤਕਨੀਕ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਕਦਮ ਹੈ।





