Tiger Shroff Firing: ਬੌਲੀਵੁੱਡ ਅਦਾਕਾਰ ਜੈਕੀ ਸ਼ਰੌਫ ਆਪਣੇ ਪੁੱਤਰ ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ ਦੀ ਘਟਨਾ ਤੋਂ ਇਕ ਦਿਨ ਬਾਅਦ ਪਹਿਲੀ ਵਾਰ ਜਨਤਕ ਸਮਾਗਮ ਵਿੱਚ ਨਜ਼ਰ ਆਏ। ਉਹ ਸੋਮਵਾਰ ਨੂੰ ਮੁੰਬਈ ਵਿੱਚ ਮਰਹੂਮ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਸਨਮਾਨ ਵਿੱਚ ਕਰਵਾਏ ਗਏ ਸੜਕ ਦਾ ਨਾਂ ਰੱਖਣ ਦੇ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।
ਸਮਾਗਮ ਦੀਆਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਜੈਕੀ ਸ਼ਰੌਫ ਮੁੱਖ ਮੰਤਰੀ ਅਤੇ ਹੋਰ ਹਾਜ਼ਰੀਨ ਨਾਲ ਤਸਵੀਰਾਂ ਖਿਚਵਾਉਂਦੇ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ ਬਾਅਦ ਅਦਾਕਾਰ ਦੀ ਇਹ ਪਹਿਲੀ ਜਨਤਕ ਹਾਜ਼ਰੀ ਸੀ।
ਜੁਹੂ ਇਲਾਕੇ ਵਿੱਚ ਕਾਰ ’ਤੇ ਚਲਾਈਆਂ ਸਨ ਗੋਲੀਆਂ
ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿੱਚ ਅਦਾਕਾਰ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦਾ ਡਰਾਈਵਰ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਹਮਲੇ ਤੋਂ ਬਾਅਦ ਟਾਈਗਰ ਸ਼ਰੌਫ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਛਾਤੀ, ਸੱਜੀ ਬਾਂਹ ਅਤੇ ਮੋਢੇ ’ਤੇ ਪੱਟੀਆਂ ਬੰਨ੍ਹੀਆਂ ਦਿਖਾਈ ਦਿੱਤੀਆਂ।
ਤਿੰਨ ਮੁਲਜ਼ਮ ਰੇਲ ਗੱਡੀ ’ਚੋਂ ਕਾਬੂ
ਪੁਲੀਸ ਨੇ ਗੋਲੀਬਾਰੀ ਦੀ ਘਟਨਾ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਰਾਜਸਥਾਨ ਦੇ ਕੋਟਾ ਵਿੱਚ ਇਕ ਰੇਲ ਗੱਡੀ ’ਚੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਵਿੱਚ ਬਿਹਾਰ ਦੇ ਬੇਗੂਸਰਾਏ ਦਾ ਰਿਤਿਕ ਉਰਫ਼ ਰੌਸ਼ਨ ਅਤੇ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਰੇਹਾਨ ਵੀ ਸ਼ਾਮਲ ਹਨ।
ਰੇਹਾਨ ਦੇ ਪਿਤਾ ਰਈਸੂਦੀਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਚੁੱਕਾ ਹੈ। ਉਸ ਨੂੰ ਪਹਿਲਾਂ ਅਸਲਾ ਕਾਨੂੰਨ ਤਹਿਤ ਦਰਜ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੇ ਕਥਿਤ ਤੌਰ ’ਤੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਲਈ ਉਸ ਦੇ ਦੋਸਤਾਂ ਦੇ ਘੇਰੇ ਨੂੰ ਜ਼ਿੰਮੇਵਾਰ ਠਹਿਰਾਇਆ।
ਲਾਰੈਂਸ ਬਿਸ਼ਨੋਈ ਗਰੋਹ ਦੇ ਦਾਅਵੇ ਦੀ ਪੁਸ਼ਟੀ ਨਹੀਂ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਪੁਲੀਸ ਨੇ ਹਾਲੇ ਤੱਕ ਇਸ ਪੋਸਟ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ। ਹਮਲੇ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਅਮਾਲ ਮਲਿਕ, ਸ਼ਤਰੂਘਨ ਸਿਨਹਾ ਅਤੇ ਰਣਵੀਰ ਸ਼ੋਰੇ ਸਮੇਤ ਕਈ ਫ਼ਿਲਮੀ ਹਸਤੀਆਂ ਨੇ ਵੀ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੱਤੀ ਹੈ।






