ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਆਦਿਤਿਆ ਧਰ ਵੱਲੋਂ ਨਿਰਦੇਸ਼ਿਤ ਜਾਸੂਸੀ ਐਕਸ਼ਨ ਫ਼ਿਲਮ ‘ਧੁਰੰਧਰ’ ਵਿੱਚ “ਬੇਲੋੜਾ ਪ੍ਰੋਪੇਗੰਡਾ” ਅਤੇ “ਖ਼ੌਫ਼ਨਾਕ ਹਿੰਸਾ” ਹੋਣ ਦੀ ਨਿੰਦਾ ਕੀਤੀ ਹੈ। ਹਾਲਾਂਕਿ, ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਕਹਾਣੀ ਅਤੇ ਦਿਲਚਸਪ ਪਲੌਟ ਟਵਿਸਟ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪਹਿਲੇ ਹਿੱਸੇ ਦੇ ਮੁਕਾਬਲੇ ਦੂਜਾ ਭਾਗ ਕਿਤੇ ਵੱਧ ਬਿਹਤਰ ਅਤੇ ਮਨੋਰੰਜਕ ਸੀ।
ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ’ਤੇ 6.20 ਮਿੰਟ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੀ ਦਿੱਲੀ ਸਥਿਤ ਰਿਹਾਇਸ਼ ਵਿਖੇ ਆਪਣੇ ਸਟਾਫ਼ ਮੈਂਬਰਾਂ ਨਾਲ ‘ਧੁਰੰਧਰ’ ਦੇ ਦੋਵੇਂ ਭਾਗ ਦੇਖਦੇ ਅਤੇ ਇਸ ਦੀ ਸਮੀਖਿਆ ਕਰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਫ਼ਿਲਮ ਵਿੱਚ ਸਾਫ਼ ਤੌਰ ’ਤੇ ਕਾਫ਼ੀ ਪ੍ਰਾਪੇਗੰਡਾ ਪਰੋਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਇਸ ਫ਼ਿਲਮ ’ਤੇ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਕਈ ਖਾੜੀ ਮੁਲਕਾਂ ਵਿੱਚ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਭਾਰਤੀਆਂ ਅਤੇ ਪਾਕਿਸਤਾਨੀਆਂ ਦਰਮਿਆਨ ਬੇਲੋੜੀ ਕੁੜੱਤਣ ਪੈਦਾ ਨਾ ਹੋਵੇ, ਅਤੇ ਉਹ ਇਸ ਭਾਵਨਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਾਕਿਸਤਾਨੀਆਂ ਦੇ ਪ੍ਰਤੀਕਰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸੰਵਾਦਾਂ ’ਤੇ ਤਾਂ ਉਹ ਹੱਸਣਗੇ ਪਰ ਕਈ ਗੱਲਾਂ ਦੇਖ ਕੇ ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਦੇ ਨਾਂ ’ਤੇ ਕਿੰਨਾ ਕੁਝ ਗ਼ਲਤ ਕੀਤਾ ਗਿਆ ਹੈ।
ਦੂਜੇ ਪਾਸੇ, ਫ਼ਿਲਮ ਦੇ ਨਿਰਮਾਣ ਅਤੇ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆਂ ਥਰੂਰ ਨੇ ਕਿਹਾ, “ਮੇਰੇ ਖ਼ਿਆਲ ਵਿੱਚ ਕਹਾਣੀ, ਪਟਕਥਾ ਅਤੇ ਪਲੌਟ ਟਵਿਸਟ ਸ਼ਾਨਦਾਰ ਸਨ। ਦੂਜਾ ਭਾਗ ਕਿਤੇ ਵੱਧ ਮਨੋਰੰਜਕ ਸੀ ਕਿਉਂਕਿ ਪਹਿਲੇ ਭਾਗ ਨੇ ਦਰਸ਼ਕਾਂ ਦੇ ਮਨਾਂ ਵਿੱਚ ਕਈ ਸਵਾਲ ਅਣਸੁਲਝੇ ਛੱਡ ਦਿੱਤੇ ਸਨ।”






