ਅਮਰੀਕਾ ਤੋਂ ਆਪਣਾ ਗੈਂਗ ਚਲਾਉਣ ਵਾਲਾ ਗੈਂਗਸਟਰ ਅਨਿਲ ਪੰਡਿਤ ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਉਸ ਦਾ ਨਾਂ ਹਰਿਆਣਾ ਅਤੇ ਦਿੱਲੀ ਵਿੱਚ ਫਿਰੌਤੀ ਤੇ ਟਾਰਗੇਟਿਡ ਹਮਲਿਆਂ ਦੇ ਇੱਕ ਦਰਜਨ ਤੋਂ ਵੱਧ ਮਾਮਲਿਆਂ ਨਾਲ ਜੁੜਿਆ ਹੋਇਆ ਹੈ।
ਦਿੱਲੀ ਪੁਲੀਸ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇੱਕ ਮਸ਼ਹੂਰ ਪੰਜਾਬੀ ਗਾਇਕ ਦੇ ਜਿੰਮ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵੀ ਸ਼ਾਮਲ ਹੈ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਪੰਡਿਤ ਅਮਰੀਕਾ ਵਿੱਚ ਬੈਠ ਕੇ ਭਾਰਤ ਵਿੱਚ ਆਪਣੇ ਸ਼ੂਟਰਾਂ ਨਾਲ ਤਾਲਮੇਲ ਰੱਖਦਾ ਹੈ। ਇਸ ਮਾਮਲੇ ਵਿੱਚ ਕੋਟਾ ਪੁਲੀਸ ਨੇ ਹਰਿਆਣਾ ਅਤੇ ਬਿਹਾਰ ਦੇ ਤਿੰਨ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਵੀ ਸਰਗਰਮ ਸ਼ੂਟਰਾਂ ਦੇ ਵੇਰਵੇ ਇਕੱਠੇ ਕਰ ਰਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਲਗਪਗ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਜਾਂਚਕਾਰਤਾ ਉਸ ਸੋਸ਼ਲ ਮੀਡੀਆ ਪੋਸਟ ਦੀ ਵੀ ਜਾਂਚ ਕਰ ਰਹੇ ਹਨ ਜਿਸ ਵਿੱਚ ਪੰਡਿਤ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਬੌਲੀਵੁੱਡ ਉਦਯੋਗ ਨੂੰ ਧਮਕੀ ਦਿੱਤੀ ਸੀ। ਇਸ ਤੋਂ ਪਹਿਲਾਂ ਗਾਇਕ ਗੁਰੂ ਰੰਧਾਵਾ ਦੇ ਜਿੰਮ ਬਾਹਰ ਹੋਈ ਗੋਲੀਬਾਰੀ ਵਿੱਚ ਵੀ ਉਸ ਦਾ ਨਾਂ ਆਇਆ ਸੀ। ਇਹ ਅਪਰਾਧਿਕ ਨੈੱਟਵਰਕ ਸ਼ੂਟਰਾਂ ਨਾਲ ਗੱਲਬਾਤ ਕਰਨ ਲਈ ਮੈਸੇਜਿੰਗ ਐਪਸ ਦੀ ਵਰਤੋਂ ਕਰਦਾ ਹੈ। ਪੁਲੀਸ ਹਥਿਆਰਾਂ ਦੇ ਸਰੋਤਾਂ ਅਤੇ ਵਿੱਤੀ ਮਦਦ ਦਾ ਪਤਾ ਲਗਾਉਣ ਲਈ ਤਿਹਾੜ ਅਤੇ ਮੰਡੋਲੀ ਜੇਲ੍ਹਾਂ ਵਿੱਚ ਬੰਦ ਸਾਥੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।
ਇਸ ਮਾਮਲੇ ਵਿੱਚ ਇੱਕ ਆਡੀਓ ਕਲਿੱਪ ਵੀ ਵਾਇਰਲ ਹੋਈ ਹੈ, ਜਿਸ ਵਿੱਚ 32 ਸਾਲਾ ਪੰਡਿਤ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਟਾਈਗਰ ਸ਼ਰਾਫ ਉੱਤੇ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਨਾ ਕਰਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਸੀ। ਪੰਡਿਤ ਨੇ ਮੰਗ ਕੀਤੀ ਹੈ ਕਿ ਸਲਮਾਨ ਖਾਨ 1998 ਵਿੱਚ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਭਾਈਚਾਰੇ ਤੋਂ ਮੁਆਫ਼ੀ ਮੰਗੇ। ਉਸ ਨੇ ਧਮਕੀ ਦਿੱਤੀ ਹੈ ਕਿ ਜੇ ਮੁਆਫ਼ੀ ਨਾ ਮੰਗੀ ਗਈ ਤਾਂ ਸਟਾਰ ਦੇ ਕਰੀਬੀ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।






