ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖਣ ਦੇ ਵਿਚਕਾਰ, ਕੇਂਦਰ ਦੀ ਭਾਜਪਾ (BJP) ਨੇ ਕਾਂਗਰਸ ‘ਤੇ ਨਿਸ਼ਾਨਾ ਸੇਧਿਆ ਹੈ। ਭਾਜਪਾ ਨੇ 1 ਨਵੰਬਰ ਨੂੰ ਕੌਮੀ ਰਾਜਧਾਨੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੇ ਵਿਰੋਧ ਵਿੱਚ ਰੈਲੀ ਰੱਖਣ ਲਈ ਕਾਂਗਰਸ ਤੋਂ ਸਵਾਲ ਕੀਤੇ ਹਨ।
ਜ਼ਿਕਰਯੋਗ ਹੈ ਕਿ 1 ਨਵੰਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਦਾ ਦਿਨ ਹੈ।
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਨੇ 1 ਨਵੰਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਇੱਕ ਵਿਸ਼ਾਲ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਦਿੱਲੀ ਪੁਲੀਸ ਨੇ ਰਾਮਲੀਲਾ ਮੈਦਾਨ ਵਿੱਚ ਇਸ ਰੈਲੀ ਲਈ ਇਜਾਜ਼ਤ ਵੀ ਦੇ ਦਿੱਤੀ ਹੈ।
ਭਾਜਪਾ ਨੇ ਬੁੱਧਵਾਰ ਨੂੰ ਕਿਹਾ, “ਕਾਂਗਰਸ ਦੀ 1 ਨਵੰਬਰ ਦੀ ਰੈਲੀ ਦਾ ਕੀ ਮਕਸਦ ਹੈ? ਕੀ ਇਹ ਕੋਈ ਵਿਰੋਧ ਪ੍ਰਦਰਸ਼ਨ ਹੈ ਜਾਂ 1984 ਦੇ ਜ਼ਖਮਾਂ ਨੂੰ ਦੁਖਦਾਈ ਢੰਗ ਨਾਲ ਅਣਗੌਲਿਆ ਕਰਨਾ ਹੈ? 1 ਨਵੰਬਰ 1984 ਨੂੰ ਦਿੱਲੀ ਵਿੱਚ ਸਿੱਖ ਵਿਰੋਧੀ ਹਿੰਸਾ ਹੋਈ ਸੀ, ਜਿਸ ਨੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ। 42 ਸਾਲਾਂ ਬਾਅਦ ਵੀ ਇਹ ਜ਼ਖਮ ਨਹੀਂ ਭਰੇ ਹਨ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਾਅਦ ਵਿੱਚ ਇੱਕ ਸਿੱਖ ਪਿਉ-ਪੁੱਤਰ ਦੇ ਕਤਲ ਨਾਲ ਜੁੜੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।”
ਪਾਰਟੀ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਕਾਂਗਰਸ ਨੇ ਵੋਟਰ ਸੂਚੀਆਂ ਦੀ ਸੋਧ ਦੇ ਖਿਲਾਫ ਆਪਣੀ ਸਿਆਸੀ ਰੈਲੀ ਲਈ 1 ਨਵੰਬਰ ਦਾ ਦਿਨ ਚੁਣਿਆ ਹੈ। ਭਾਜਪਾ ਨੇ ਸਵਾਲ ਕੀਤਾ, “ਕੀ ਕਾਂਗਰਸ ਨੇ 1 ਨਵੰਬਰ ਦੀ ਦੁਖਦਾਈ ਅਹਿਮੀਅਤ ਬਾਰੇ ਕੋਈ ਵਿਚਾਰ ਕੀਤਾ ਹੈ, ਜਾਂ ਕੀ ਉਹ ਹਜ਼ਾਰਾਂ ਸਿੱਖ ਪਰਿਵਾਰਾਂ ਲਈ ਇਸ ਤਰੀਕ ਨਾਲ ਜੁੜੇ ਡੂੰਘੇ ਦੁਖਾਂਤ ਨੂੰ ਸਿੱਧੇ ਤੌਰ ‘ਤੇ ਨਜ਼ਰਅੰਦਾਜ਼ ਕਰ ਰਹੀ ਹੈ?”






