ਪੱਛਮੀ ਕਮਾਂਡ ਦੇ ਆਰਮੀ ਐਵੀਏਟਰਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਖ਼ਤਰਨਾਕ ਪਹਾੜੀਆਂ ਵਿੱਚ 3 ਉਚਾਈ ਵਾਲੇ ਬਚਾਅ ਅਭਿਆਨ ਚਲਾ ਕੇ ਖਰਾਬ ਮੌਸਮ ਪਹਾੜਾਂ ਵਿੱਚ ਫਸੇ ਦੋ ਵਿਦੇਸ਼ੀਆਂ ਸਮੇਤ 3 ਪੈਰਾਗਲਾਈਡਰਾਂ ਨੂੰ ਸੁਰੱਖਿਅਤ ਬਚਾਇਆ।
ਸੋਮਵਾਰ ਨੂੰ ਪੱਛਮੀ ਕਮਾਂਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਉੱਚ ਪੱਧਰੀ ਉਡਾਣ ਹੁਨਰ ਅਤੇ ਸ਼ੁੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਆਰਮੀ ਐਵੀਏਸ਼ਨ ਕੋਰ ਦੇ ਧਰੁਵ ਹੈਲੀਕਾਪਟਰਾਂ ਨੇ ਪੱਥਰੀਲੇ ਇਲਾਕੇ, ਨੀਵੇਂ ਬਾਦਲਾਂ ਅਤੇ ਤੇਜ਼ ਹਵਾਵਾਂ ਦੇ ਵਿਚਕਾਰ ਪੈਰਾਗਲਾਈਡਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 12 ਘੰਟਿਆਂ ਦੇ ਵਕਫੇ ਵਿੱਚ 3 ਵੱਖ-ਵੱਖ ਮਿਸ਼ਨਾਂ ਨੂੰ ਅੰਜਾਮ ਦਿੱਤਾ। ਬਚਾਅ ਸਥਾਨਾਂ ਦੇ ਆਸ-ਪਾਸ ਕੋਈ ਲੈਂਡਿੰਗ ਸਪਾਟ ਉਪਲਬਧ ਨਾ ਹੋਣ ਕਰਕੇ, ਪੈਰਾਗਲਾਈਡਰਾਂ ਨੂੰ ਵਿੰਚਿੰਗ (ਰੱਸੀ ਨਾਲ ਉੱਪਰ ਖਿੱਚ ਕੇ) ਰਾਹੀਂ ਸੁਰੱਖਿਅਤ ਕੱਢਿਆ ਗਿਆ।
ਪਹਿਲਾ ਮਿਸ਼ਨ ਦੇਹਨਾਸਰ ਝੀਲ ਦੇ ਨੇੜੇ ਚਲਾਇਆ ਗਿਆ ਸੀ, ਜਿਸ ਦੌਰਾਨ ਇੱਕ ਮਸ਼ਹੂਰ ਭਾਰਤੀ ਪੈਰਾਗਲਾਈਡਰ ਗੌਰਵ ਕੁਮਾਰ ਭਾਰਤੀ ਨੂੰ ਬਾਹਰ ਕੱਢਿਆ ਗਿਆ। ਇਹ ਝੀਲ ਜੋਗਿੰਦਰ ਨਗਰ ਨੇੜੇ ਬਰੋਟ ਘਾਟੀ ਵਿੱਚ 14,000 ਫੁੱਟ ਦੀ ਉਚਾਈ ‘ਤੇ ਸਥਿਤ ਹੈ।






