ਭਾਰਤ ਤੋਂ ਆਸਟਰੇਲੀਆ ਆਪਣੇ ਭਰਾ ਦੀ ਜਾਨ ਬਚਾਉਣ ਲਈ ਪਹੁੰਚੀ ਇੱਕ ਭੈਣ ਹੁਣ ਇੱਥੋਂ ਛੇਤੀ ਵਾਪਸ ਮੁੜਨ ਲਈ ਤਰਸ ਰਹੀ ਹੈ। ਭਾਰਤੀ ਨਾਗਰਿਕ ਸ਼ਿਪਰਾ ਸੈਣੀ ਸਾਲ 2025 ਵਿੱਚ ਆਪਣੇ ਗੰਭੀਰ ਬਿਮਾਰ ਭਰਾ ਦੀ ਦੇਖਭਾਲ ਲਈ ਦਿੱਲੀ ਤੋਂ ਆਸਟਰੇਲੀਆ ਆਈ ਸੀ।
ਇਸ ਤੋਂ ਬਾਅਦ 1 ਨਵੰਬਰ 2025 ਨੂੰ ਦਿਮਾਗ ਵਿੱਚ ਖ਼ੂਨ ਵਗਣ (ਬ੍ਰੇਨ ਹੈਮਰੇਜ) ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ। ਇਸ ਦੁਖਾਂਤ ਮਗਰੋਂ ਬੈਲਾਰੈਟ ਸ਼ਹਿਰ ਵਿੱਚ ਰਹਿ ਰਹੀ ਸ਼ਿਪਰਾ ਉੱਤੇ ਭਰਾ ਦੀ ਸਮੁੱਚੀ ਜਾਇਦਾਦ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਸੰਭਾਲਣ ਦਾ ਬੋਝ ਆ ਪਿਆ। ਮੌਤ ਦਾ ਸਰਟੀਫਿਕੇਟ, ਅਦਾਲਤੀ ਪ੍ਰਵਾਨਗੀ, ਮਕਾਨ ਦੀ ਵਿਕਰੀ, ਬੈਂਕ ਖਾਤੇ ਅਤੇ ਬਕਾਇਆ ਭੁਗਤਾਨਾਂ ਵਰਗੀਆਂ ਕਾਰਵਾਈਆਂ ਅਜੇ ਅਧੂਰੀਆਂ ਹਨ।
ਹੈਰਾਨੀਜਨਕ ਗੱਲ ਇਹ ਹੈ ਕਿ ਸ਼ਿਪਰਾ ਹੁਣ ਤੱਕ 40 ਹਜ਼ਾਰ ਆਸਟਰੇਲੀਆਈ ਡਾਲਰ ਤੋਂ ਵੱਧ ਖ਼ਰਚ ਕਰ ਚੁੱਕੀ ਹੈ। ਅਗਸਤ 2026 ਵਿੱਚ ਵਕੀਲ ਨੇ ਛੇ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ, ਪਰ ਇਮੀਗ੍ਰੇਸ਼ਨ ਵਿਭਾਗ ਨੇ ਅਰਜ਼ੀ ਰੱਦ ਕਰ ਦਿੱਤੀ। ਉਸ ਦੇ ਵੀਜ਼ੇ ਦੀ ਮਿਆਦ 30 ਅਕਤੂਬਰ ਨੂੰ ਖ਼ਤਮ ਹੋ ਜਾਵੇਗੀ। ਵੀਜ਼ੇ ਦੀ ਸ਼ਰਤ 8503 ਕਾਰਨ ਉਹ ਆਸਟਰੇਲੀਆ ਦੇ ਅੰਦਰ ਰਹਿੰਦਿਆਂ ਹੋਰ ਵੀਜ਼ਿਆਂ ਲਈ ਅਰਜ਼ੀ ਨਹੀਂ ਦੇ ਸਕਦੀ।
ਇਮੀਗ੍ਰੇਸ਼ਨ ਕਾਨੂੰਨ ਮਾਹਿਰ ਜੌਰਡਨ ਟਿਊ ਨੇ ਅਜਿਹੇ ਮਨੁੱਖੀ ਮਾਮਲਿਆਂ ਵਿੱਚ ਇਮੀਗ੍ਰੇਸ਼ਨ ਵਿਭਾਗ ਤੋਂ ਵਧੇਰੇ ਨਰਮੀ ਦੀ ਮੰਗ ਕੀਤੀ ਹੈ।ਸ਼ਿਪਰਾ ਦਾ ਕਹਿਣਾ ਹੈ ਕਿ ਭਰਾ ਦੀ ਮੌਤ ਮਗਰੋਂ ਉਸ ਦੀ ਆਖ਼ਰੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਸਰਕਾਰੀ ਹਮਦਰਦੀ ਨਹੀਂ ਮਿਲ ਰਹੀ।






