ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਨਸ਼ਟ ਕਰਨ ਦੀ ਪੁਰਾਣੀ ਰਵਾਇਤ ਤੋਂ ਹਟ ਕੇ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਹੁਣ ਇਸ ਨੂੰ ਕਮਾਈ ਦਾ ਸਾਧਨ ਬਣਾਉਣ ਲੱਗੇ ਹਨ। ਖੇਤਾਂ ਵਿੱਚ ਬੇਕਾਰ ਸਮਝੀ ਜਾਣ ਵਾਲੀ ਪਰਾਲੀ ਹੁਣ ਉਦਯੋਗਾਂ ਲਈ ਬਾਲਣ ਬਣ ਰਹੀ ਹੈ। ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਇਕੱਠੀ ਕਰਨ ਤੋਂ ਲੈ ਕੇ ਇਸ ਦੀਆਂ ਗੱਠਾਂ ਬਣਾਉਣ, ਭੰਡਾਰਨ ਅਤੇ ਕਾਰਖਾਨਿਆਂ ਤੱਕ ਪਹੁੰਚਾਉਣ ਦਾ ਪ੍ਰਬੰਧ ਵਿਕਸਤ ਕੀਤਾ ਗਿਆ ਹੈ। ਇਸ ਕੰਮ ਲਈ ਜ਼ਿਲ੍ਹੇ ਵਿੱਚ 9 ਕਾਰਖਾਨੇ, ਕਰੀਬ 70 ਭੰਡਾਰਨ ਕੇਂਦਰ ਅਤੇ 200 ਤੋਂ ਵੱਧ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਸਰਗਰਮ ਹਨ। ਇਨ੍ਹਾਂ ਕਾਰਖਾਨਿਆਂ ਵਿੱਚ ਕਰੀਬ 37 ਹਜ਼ਾਰ ਮੀਟ੍ਰਿਕ ਟਨ ਪਰਾਲੀ ਦੀ ਵਰਤੋਂ ਕਰਕੇ ਬਾਲਣ ਦੀਆਂ ਗੋਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਆਪਣੇ ਖੇਤਾਂ ਵਿੱਚ ਹੀ ਭੰਡਾਰਨ ਕੇਂਦਰ ਬਣਾਏ ਹੋਏ ਹਨ। ਇਨ੍ਹਾਂ ਕੇਂਦਰਾਂ ਵਿੱਚ ਨੇੜਲੇ ਪਿੰਡਾਂ ਅਤੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਮਸ਼ੀਨਾਂ ਰਾਹੀਂ ਉਸ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਗੱਠਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਅਤੇ ਲੋੜ ਅਨੁਸਾਰ ਕਾਰਖਾਨਿਆਂ ਤੱਕ ਪਹੁੰਚਾਇਆ ਜਾਂਦਾ ਹੈ। ਉੱਥੇ ਪਰਾਲੀ ਤੋਂ ਬਾਲਣ ਦੀਆਂ ਗਿੱਟੀਆਂ ਤਿਆਰ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਉਦਯੋਗਾਂ ਵਿੱਚ ਬਾਲਣ ਵਜੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਪਰਾਲੀ ਤੋਂ ਬਾਲਣ ਤਿਆਰ ਕਰਨ ਵਾਲੇ ਕਾਰਖਾਨੇ ਰਾਮਪੁਰਾ, ਜੀਦਾ, ਕੋਟਫ਼ੱਤਾ, ਗਿੱਲ ਖੁਰਦ, ਲਹਿਰਾ ਮੁਹੱਬਤ, ਲਹਿਰੀ, ਕਲਝਰਾਣੀ, ਜੋਧਪੁਰ ਪਾਖਰ ਅਤੇ ਜੋਧਪੁਰ ਰੋਮਾਣਾ ਵਿੱਚ ਚੱਲ ਰਹੇ ਹਨ। ਇਨ੍ਹਾਂ ਕਾਰਖਾਨਿਆਂ ਵਿੱਚ ਕਰੀਬ 37 ਹਜ਼ਾਰ ਮੀਟ੍ਰਿਕ ਟਨ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਅਜਿਹੇ ਹੋਰ ਕਾਰਖਾਨੇ ਸਥਾਪਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪਰਾਲੀ ਦੀ ਖਪਤ ਵਧੇਗੀ ਅਤੇ ਕਿਸਾਨਾਂ ਤੇ ਇਸ ਕੰਮ ਨਾਲ ਜੁੜੇ ਹੋਰ ਲੋਕਾਂ ਲਈ ਰੋਜ਼ਗਾਰ ਅਤੇ ਕਮਾਈ ਦੇ ਮੌਕੇ ਪੈਦਾ ਹੋਣਗੇ।
ਚੇਤੇ ਰਹੇ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜ਼ਿਲ੍ਹੇ ਵਿੱਚ 200 ਤੋਂ ਵੱਧ ਮਸ਼ੀਨਾਂ ਕੰਮ ਕਰ ਰਹੀਆਂ ਹਨ। ਇਹ ਮਸ਼ੀਨਾਂ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਉਸ ਦੀਆਂ ਗੱਠਾਂ ਤਿਆਰ ਕਰਦੀਆਂ ਹਨ। ਕਈ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਹੀ ਪਰਾਲੀ ਦੇ ਭੰਡਾਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦੀ ਸੰਭਾਲ ਅਤੇ ਮੁੜ ਵਰਤੋਂ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਕਿਸਾਨਾਂ ਵੱਲੋਂ ਅਪਣਾਇਆ ਜਾ ਰਿਹਾ ਇਹ ਤਰੀਕਾ ਦੂਜੇ ਕਿਸਾਨਾਂ ਲਈ ਵੀ ਮਿਸਾਲ ਬਣ ਸਕਦਾ ਹੈ। ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਸਾੜਨ ਦੀ ਸਮੱਸਿਆ ਨੂੰ ਖ਼ਤਮ ਕਰਨ ਦੇ ਨਾਲ ਵਾਤਾਵਰਨ ਦੀ ਰੱਖਿਆ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦਾ ਟੀਚਾ ਵੀ ਹਾਸਲ ਕੀਤਾ ਜਾ ਸਕਦਾ ਹੈ।






