ਰਾਮੇਸ਼ਵਰਮ, 24 ਫਰਵਰੀ – ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ਵਿੱਚ ਮੱਛੀ ਫੜਨ ਦੇ ਦੋਸ਼ ਵਿੱਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਵਿੱਚੋਂ 13 ਤਾਮਿਲਨਾਡੂ ਦੇ ਨਾਗਾਪਟਿਨਮ ਜ਼ਿਲ੍ਹੇ ਦੇ ਹਨ, ਜਦੋਂ ਕਿ ਬਾਕੀ ਮਛੇਰੇ ਗੁਆਂਢੀ ਪੁਡੂਚੇਰੀ ਦੇ ਕਰਾਈਕਲ ਦੇ ਰਹਿਣ ਵਾਲੇ ਹਨ।
ਇਨ੍ਹਾਂ ਮਛੇਰਿਆਂ ਨੂੰ ਬੀਤੇ ਦਿਨ 2 ਵੱਖ-ਵੱਖ ਘਟਨਾਵਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸ਼੍ਰੀਲੰਕਾਈ ਜਲ ਸੈਨਾ ਨੇ ਮਛੇਰਿਆਂ ਦੀਆਂ 2 ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ 29 ਮਛੇਰਿਆਂ ਅਤੇ ਮੱਛੀ ਫੜਨ ਵਾਲੀਆਂ 82 ਕਿਸ਼ਤੀਆਂ ਦੀ ਰਿਹਾਈ ਯਕੀਨੀ ਕਰਨ ਲਈ ਕੇਂਦਰ ਦੀ ਦਖ਼ਲਅੰਦਾਜੀ ਦੀ ਮੰਗ ਕੀਤੀ ਹੈ। ਸਟਾਲਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੱਲਬਾਤ ਕਰ ਕੇ ਇਸ ਮੁੱਦੇ ਦਾ ਸਥਾਈ ਹੱਲ ਲੱਭਣਾ ਚਾਹੀਦਾ।






