ਮੋਗਾ, 25 ਫਰਵਰੀ- ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਡੇਮਰੂ ਖੁਰਦ ਨਿਵਾਸੀ ਕਰਮਜੀਤ ਕੌਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਵੱਲੋਂ ਮ੍ਰਿਤਕਾ ਦੇ ਪਿਤਾ ਸਰਦੂਲ ਸਿੰਘ ਨਿਵਾਸੀ ਪਿੰਡ ਮਾੜੀ ਮੁਸਤਫਾ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ ਜਗਦੀਪ ਸਿੰਘ, ਸੱਸ ਸੁਖਵੰਤ ਕੌਰ, ਸਹੁਰਾ ਜਸਵੀਰ ਸਿੰਘ, ਨੰਨਦ ਰੀਤੂ, ਨਨਦ ਦਾ ਪਤੀ ਆਗਿਆਕਾਰ, ਨੰਦਨ ਨੀਤੂ, ਨਨਦ ਦੇ ਪਤੀ ਗੁਰਪ੍ਰੀਤ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਸਰਦੂਲ ਸਿੰਘ ਨੇ ਕਿਹਾ ਕਿ ਉਸਦੀ ਬੇਟੀ ਦਾ ਵਿਆਹ ਦੋ ਸਾਲ ਪਹਿਲਾਂ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਜਗਦੀਪ ਸਿੰਘ ਨਿਵਾਸੀ ਪਿੰਡ ਡੇਮਰੂ ਖੁਰਦ ਨਾਲ ਹੋਇਆ ਸੀ, ਵਿਆਹ ਸਮੇਂ ਮੈਂ ਆਪਣੀ ਬੇਟੀ ਨੂੰ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ, ਉਸਨੇ ਕਿਹਾ ਕਿ ਉਸਦੀ ਬੇਟੀ ਨੂੰ ਸਹੁਰਾ ਪਰਿਵਾਰ 6 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਕਿਉਂਕਿ ਉਸਦੇ ਪਤੀ ਜਗਦੀਪ ਸਿੰਘ ਨੇ ਜ਼ਮੀਨ ਖਰੀਦ ਕੀਤੀ ਸੀ, ਜੋ ਉਸਨੇ ਆਪਣੀ ਪਤਨੀ ਦੇ ਨਾਮ ਵੀ ਲਗਵਾਈ ਸੀ। ਇਸ ਗੱਲ ਨੂੰ ਲੈ ਕੇ ਕਥਿਤ ਉਹ ਉਸਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਵੀ ਸੀ, ਉਨ੍ਹਾਂ ਨੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਕਿਸੇ ਨੇ ਗੱਲ ਨਾ ਸੁਣੀ। ਇਸ ਸਭ ਦੇ ਚਲਦੇ ਉਨ੍ਹਾਂ ਦੀ ਧੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।






