ਨਵੀਂ ਦਿੱਲੀ, 3 ਮਾਰਚ- ਯੂਕ੍ਰੇਨ ਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰਾਜਧਾਨੀ ਕੀਵ ਵਿੱਚ ਚਾਰ ਧਮਾਕੇ ਹੋਏ। ਇਸ ਦੌਰਾਨ ਕੀਵ ਦੇ ਕੇਂਦਰ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਦੋਂਕਿ ਤੀਜੇ ਅਤੇ ਚੌਥੇ ਧਮਾਕੇ ਦੀ ਆਵਾਜ਼ ਕੀਵ ਦੇ ਡਰੂਜ਼ਬੀ ਨਰੋਦੀਵ ਮੈਟਰੋ ਸਟੇਸ਼ਨ ਦੇ ਨੇੜੇ ਸੁਣੀ ਗਈ।
ਰੂਸੀ ਫੌਜ ਨੇ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇ ਬੰਬਾਰੀ ਮੁੜ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਦੀ ਰਾਜਧਾਨੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਖਾਰਕੀਵ ਵਿੱਚ ਰੂਸੀ ਫੌਜ ਵਲੋਂ 34 ਆਮ ਨਾਗਰਿਕਾਂ ਨੂੰ ਮਾਰ ਦਿੱਤੇ ਜਾਣ ਦੀ ਖਬਰ ਹੈ।
ਰੂਸ ਨੇ ਯੂਕ੍ਰੇਨ ਦੀਆਂ ਪ੍ਰਮੁੱਖ ਰਣਨੀਤਿਕ ਬੰਦਰਗਾਹਾਂ ਨੂੰ ਵੀ ਘੇਰ ਲਿਆ ਹੈ। ਰੂਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤੋਂ ਸ਼ੁਰੂ ਹੋਏ ਫੌਜੀ ਕਾਰਵਾਈ ਵਿੱਚ ਉਸ ਦੇ 500 ਫੌਜੀ ਮਾਰੇ ਗਏ ਹਨ ਅਤੇ 1600 ਫੌਜੀ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਯੂਕ੍ਰੇਨ ਨੇ ਆਪਣੀ ਫੌਜ ਦਾ ਜਾਨੀ ਨੁਕਸਾਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਯੂਕ੍ਰੇਨ ਨੇ ਕਿਹਾ ਕਿ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਦੋਵਾਂ ਦੇਸ਼ਾਂ ਦੇ ਦਾਅਵਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ।
ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫੇਸਬੁੱਕ ਤੇ ਇੱਕ ਵੀਡੀਓ ਪੋਸਟ ਵਿੱਚ ਕਿਹਾ ਕਿ ਇੱਕ ਹਫ਼ਤੇ ਵਿੱਚ 9,000 ਰੂਸੀ ਮਾਰੇ ਗਏ ਹਨ। ਉਹਨਾਂ ਕਿਹਾ ਕਿ ਯੂਕ੍ਰੇਨ ਨੇ ਇੱਕ ਹਫ਼ਤੇ ਵਿੱਚ ਦੁਸ਼ਮਣ ਦੇ ਮਨਸੂਬਿਆਂ ਨੂੰ ਤਬਾਹ ਕਰ ਦਿੱਤਾ ਹੈ। ਫਿਲਹਾਲ ਸਾਡੇ ਦੇਸ਼, ਸਾਡੇ ਲੋਕਾਂ ਅਤੇ ਉਨ੍ਹਾਂ ਸਾਰਿਆਂ ਜਿਨ੍ਹਾਂ ਕੋਲ ਦੋ ਚੀਜ਼ਾਂ ਆਜ਼ਾਦੀ ਅਤੇ ਇੱਕ ਦਿਲ ਸਾਂਝੀਆਂ ਹਨ, ਉਹਨਾਂ ਨੇ ਰੂਸੀਆਂ ਨੂੰ ਰੋਕਿਆ ਅਤੇ ਹਰਾਇਆ।
ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਫ਼ੌਜ, ਸਰਹੱਦ ਰੱਖਿਅਕ, ਉਹਨਾਂ ਦੇ ਖੇਤਰੀ ਰੱਖਿਅਕ, ਇੱਥੋਂ ਤੱਕ ਕਿ ਆਮ ਕਿਸਾਨ ਵੀ ਹਰ ਰੋਜ਼ ਰੂਸੀ ਫ਼ੌਜ ਨਾਲ ਲੜ ਰਹੇ ਹਨ। ਉਨ੍ਹਾਂ ਯੂਕ੍ਰੇਨੀਆਂ ਵੱਲੋਂ ਸੜਕਾਂ ਜਾਮ ਕਰਨ ਜਾਂ ਰੂਸੀ ਫ਼ੌਜ ਅਤੇ ਉਨ੍ਹਾਂ ਦੇ ਵਾਹਨਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੜਕਾਂ ਨੂੰ ਰੋਕ ਕੇ ਲੋਕ ਦੁਸ਼ਮਣ ਦੇ ਵਾਹਨਾਂ ਦੇ ਅੱਗੇ ਆ ਰਹੇ ਹਨ, ਇਹ ਬੇਹੱਦ ਖ਼ਤਰਨਾਕ ਹੈ ਪਰ ਕਿੰਨਾ ਦਲੇਰੀ ਵਾਲਾ ਕੰਮ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਦੁਸ਼ਮਣ ਨੂੰ ਤੋੜਨ ਲਈ ਸਭ ਕੁਝ ਕਰ ਰਹੀ ਹੈ।
ਇਸੇ ਦੌਰਾਨ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਯੂਕ੍ਰੇਨ ਵਿੱਚ ਫਸੇ 183 ਭਾਰਤੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਬੁਡਾਪੇਸਟ ਤੋਂ ਮੁੰਬਈ ਪਹੁੰਚਿਆ। ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਬੁਡਾਪੇਸਟ ਤੋਂ ਮੁੰਬਈ ਪਹੁੰਚੀ ਫਲਾਈਟ ਵਿੱਚ ਇਕ ਬੱਚਾ ਵੀ ਸ਼ਾਮਲ ਸੀ। ਇਸ ਦੌਰਾਨ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਫਲਾਈਟ ਵਿੱਚ ਸਵਾਰ ਯਾਤਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਯੂਕ੍ਰੇਨ ਵਿੱਚ ਵਿਦਿਆਰਥੀਆਂ ਸਮੇਤ ਲਗਭਗ 17,000 ਭਾਰਤੀ ਫਸੇ ਹੋਏ ਹਨ। ਮੰਤਰੀ ਨੇ ਕਿਹਾ ਕਿ ਹੁਣ ਤਕ ਕਰੀਬ ਚਾਰ ਤੋਂ ਪੰਜ ਹਜ਼ਾਰ ਭਾਰਤੀਆਂ ਨੂੰ ਘਰ ਲਿਆਂਦਾ ਜਾ ਚੁੱਕਿਆ ਹੈ ਅਤੇ ਉਥੇ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਜਾਰੀ ਰਹੇਗੀ।






