ਐਸ ਏ ਐਸ ਨਗਰ, 3 ਮਾਰਚ- ਮੁਹਾਲੀ ਦੇ ਨਾਲ ਲੱਗਦੇ ਪਿੰਡ ਬੜਮਾਜਰਾ ਵਿੱਚ ਅਣਅਧਿਕਾਰਤ ਤੌਰ ਤੇ ਸ਼ੋਅ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਗਮਾਡਾ ਵਲੋਂ ਭਾਵੇਂ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਵਿਰੁਧ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ, ਪਰ ਇਸਦੇ ਬਾਵਜੂਦ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਜਿਆਦਾ ਬੁਲੰਦ ਹਨ ਕਿ ਉਹ ਗਮਾਡਾ ਦੀ ਨੱਕ ਹੇਠਾਂ ਧੱੜਲੇ ਨਾਲ ਅਣਅਧਿਕਾਰਤ ਉਸਾਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।
ਬੜ ਮਾਜਰਾ ਵਿੱਚ ਸੁਪਰ ਮਾਰਟ ਦੇ ਸਾਹਮਣੇ ਅਣਅਧਿਕਾਰਤ ਤੌਰ ਤੇ ਬਣ ਰਹੇ ਸ਼ੋਅਰੂਮਾਂ ਨੂੰ ਬਣਾਉਣ ਦਾ ਕੰਮ ਕਰ ਰਹੇ ਮਜਦੂਰਾਂ ਨੂੰ ਜਦੋਂ ਇਹਨਾਂ ਸ਼ੋਅਰੂਮਾਂ ਦੇ ਮਾਲਕ ਬਾਰੇ ਪੁਛਿਆ ਤਾਂ ਉਹਨਾਂ ਕਿਹਾ ਕਿ ਇਹ ਸ਼ੋਅਰੂਮ ਡਾ. ਅਰੋੜਾ ਵਲੋਂ ਬਣਵਾਏ ਜਾ ਰਹੇ ਹਨ।
ਸੰਪਰਕ ਕਰਨ ਤੇ ਡਾ. ਅਰੋੜਾ ਨੇ ਕਿਹਾ ਕਿ ਇਹ ਸ਼ੋਅਰੂਮ ਉਹਨਾਂ ਦੇ ਰਿਸ਼ਤੇਦਾਰਾਂ ਦੇ ਹਨ। ਜਦੋਂ ਇਹਨਾਂ ਸ਼ੋਅਰੂਮਾਂ ਦੀ ਅਣਅਧਿਕਾਰਤ ਉਸਾਰੀ ਕਰਨ ਬਾਰੇ ਸਵਾਲ ਪੁਛਿਆ ਤਾਂ ਊਹਨਾਂ ਕਿਹਾ ਕਿ ਇਹਨਾਂ ਸ਼ੋਅਰੂਮਾਂ ਨੂੰ ਬਣਾਉਣ ਲਈ ਉਹਨਾਂ ਵਲੋਂ ਗਮਾਡਾ ਤੋਂ ਆਗਿਆ ਲੈਣ ਲਈ ਗਮਾਡਾ ਦਫਤਰ ਵਿਚ ਡਾਕੂਮੈਂਟ ਜਮਾਂ ਕਰਵਾ ਦਿਤੇ ਗਏ ਹਨ।
ਇਸ ਸਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਰੈਗੁੂਲੇਟਰੀ ਬਰਾਂਚ ਦੇ ਐਸ ਡੀ ਓ ਸz. ਹਰਪ੍ਰੀਤ ਸਿੰਘ ਨੇ ਦਸਿਆ ਕਿ ਉਹਨਾਂ ਕੋਲ ਇਹਨਾਂ ਸ਼ੋਅਰੂਮਾਂ ਸਬੰਧੀ ਕੋਈ ਡਾਕੂਮੈਂਟ ਨਹੀਂ ਆਏ ਅਤੇ ਗਮਾਡਾ ਵਲੋਂ ਇਹਨਾਂ ਸ਼ੋਅਰੂਮਾਂ ਨੂੰ ਬਣਾਉਣ ਸਬੰਧੀ ਕੋਈ ਪ੍ਰਵਾਨਗੀ ਨਹੀਂ ਦਿਤੀ ਗਈ। ਉਹਨਾਂ ਕਿਹਾ ਕਿ ਉਹ ਅੱਜ ਹੀ ਇਹਨਾਂ ਸ਼ੋਅਰੂਮਾਂ ਦੀ ਊਸਾਰੀ ਦਾ ਕੰਮ ਰੁਕਵਾ ਕੇ ਇਸਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਰਹੇ ਹਨ।






