ਮੈਲਬੌਰਨ, 5 ਮਾਰਚ – ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਕਿ ਮਰਹੂਮ ਸਪਿੰਨ ਗੇਂਦਬਾਜ਼ ਸ਼ੇਨ ਵਾਰਨ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਦੋਂ ਕਿ ਕ੍ਰਿਕਟ ਬੋਰਡ ਨੇ ਉਨ੍ਹਾਂ ਦੇ ਸਨਮਾਨ ਵਿਚ ਐੱਮ. ਸੀ. ਜੀ. ਵਿੱਚ ਇੱਕ ਸਟੈਂਡ ਦਾ ਨਾਂ ਬਦਲ ਕੇ ਐੱਸ. ਕੇ. ਵਾਰਨ ਰੱਖਣ ਦਾ ਫ਼ੈਸਲਾ ਕੀਤਾ ਹੈ।
ਮੌਰੀਸਨ ਨੇ ਟਵੀਟ ਕੀਤਾ ਕਿ ਆਸਟ੍ਰੇਲੀਆ ਦੇ ਲੋਕ ਸ਼ੇਨ ਵਾਰਨ ਦੇ ਦਿਹਾਂਤ ਦੀ ਖ਼ਬਰ ਤੋਂ ਹੈਰਾਨ ਅਤੇ ਦੁਖੀ ਹਨ। ਉਹ ਸਿਰਫ਼ 52 ਸਾਲਾਂ ਦੇ ਸਨ। ਵਾਰਨ ਸਾਡੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ। ਉਹ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਡੌਨ ਬ੍ਰੈਡਮੈਨ ਵਰਗੀਆਂ ਅਸਾਧਾਰਨ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਜਨੂੰਨ ਨੂੰ ਦਰਸਾਉਂਦੀਆਂ ਹਨ, ਪਰ ਸ਼ੇਨ ਵਾਰਨ ਆਸਟਰੇਲੀਆਈ ਲੋਕਾਂ ਲਈ ਇਸ ਤੋਂ ਕਿਤੇ ਜ਼ਿਆਦਾ ਸਨਮਾਨ ਦੇ ਹੱਕਦਾਰ ਸਨ। ਉਹ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ। ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਅਸੀਂ ਸਾਰੇ ਬਹੁਤ ਦੁਖੀ ਹਾਂ। ਰੌਡ ਮਾਰਸ਼ ਦੇ ਦਿਹਾਂਤ ਤੋਂ ਇੱਕ ਦਿਨ ਬਾਅਦ ਅਜਿਹਾ ਹੋਵੇਗਾ, ਇਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਸ਼ੇਨ ਵਰਗਾ ਕੋਈ ਨਹੀਂ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕੀਤੀ। ਉਨ੍ਹਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਰਹੀਆਂ ਸਨ।
ਜਿਕਰਯੋਗ ਹੈ ਕਿ ਕ੍ਰਿਕਟ ਜਗਤ ਦੇ ਮਹਾਨ ਸਪਿਨਰ ਵਾਰਨ ਦੀ ਬੀਤੇ ਦਿਨ ਥਾਈਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਵਾਰਨ ਨੇ 1992 ਵਿੱਚ ਸਿਡਨੀ ਕ੍ਰਿਕੇਟ ਮੈਦਾਨ ਵਿੱਚ ਭਾਰਤ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ 145 ਟੈਸਟ ਖੇਡੇ। ਇਸ ਦੌਰਾਨ ਉਨ੍ਹਾਂ ਨੇ 708 ਵਿਕਟਾਂ ਲਈਆਂ। ਵਾਰਨ ਨੇ 194 ਵਨਡੇ ਮੈਚਾਂ ਵਿੱਚ 293 ਵਿਕਟਾਂ ਲਈਆਂ ਹਨ।






