ਸੈਕਰਾਮੈਂਟੋ, 7 ਮਾਰਚ- ਡੇਸ ਮੋਇਨਸ, ਲੋਵਾ ਨੇੜੇ ਆਏ ਜ਼ਬਰਦਸਤ ਤੂਫ਼ਾਨ ਦੀ ਲਪੇਟ ਵਿਚ ਆ ਕੇ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਇਹ ਤੂਫ਼ਾਨ ਮੈਡੀਸਨ ਕਾਊਂਟੀ ਸਮੇਤ ਕਈ ਕਾਊਂਟੀਆਂ ਵਿੱਚੋਂ ਦੀ ਲੰਘਿਆ। ਮੈਡੀਸਨ ਕਾਊਂਟੀ ਵਿਚ ਤੂਫ਼ਾਨ ਦਾ ਸਭ ਤੋਂ ਵੱਧ ਭਿਆਨਕ ਰੂਪ ਦੇਖਣ ਨੂੰ ਮਿਲਿਆ ਤੇ ਇੱਥੇ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਲੋਕਾਂ ਵਿਚ ਸਭ ਤੋਂ ਵੱਡੀ ਉਮਰ ਦਾ 72 ਸਾਲਾ ਵਿਅਕਤੀ ਤੇ ਸਭ ਤੋਂ ਛੋਟੀ ਉਮਰ ਦਾ 2 ਸਾਲਾਂ ਦਾ ਬੱਚਾ ਸ਼ਾਮਿਲ ਹੈ। ਡੇਸ ਮੋਇਨਸ ਵਿਚਲੇ ਕੌਮੀ ਮੌਸਮ ਸੇਵਾ ਦਫ਼ਤਰ ਅਨੁਸਾਰ ਤੂਫ਼ਾਨ ਦੌਰਾਨ ਘੱਟੋ ਘੱਟ 136 ਤੋਂ 151 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ੇ ਮੈਡੀਸਨ ਕਾਊਂਟੀ ਵਿਚ 50 ਤੋਂ ਵੱਧ ਘਰ ਨਸ਼ਟ ਹੋ ਗਏ ਹਨ ਜਾਂ ਨੁਕਸਾਨੇ ਗਏ ਹਨ। ਕਾਊਂਟੀ ਦੇ 6 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਡੇਸ ਮੋਇਨਸ ਸਮੇਤ ਲੋਵਾ ਵਿਚ ਹੋਰ ਭਿਆਨਕ ਤੂਫਾਨ ਆਉਣ ਦਾ ਅਨੁਮਾਨ ਹੈ।




