ਮਾਛੀਵਾੜਾ ਸਾਹਿਬ, 15 ਮਾਰਚ 2022 – ਸਥਾਨਕ ਰੋਪਡ਼ ਰੋਡ ’ਤੇ ਵਾਪਰੇ ਸਡ਼ਕ ਹਾਦਸੇ ਵਿਚ ਇਲਾਕੇ ਦੇ ਪ੍ਰਸਿੱਧ ਢਾਡੀ ਕਪੂਰ ਸਿੰਘ ਵਾਸੀ ਪਿੰਡ ਕਾਉਂਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜਕੱਲ੍ਹ ਚੱਲ ਰਹੇ ਹੋਲੇ-ਮਹੱਲੇ ਦੀ ਯਾਤਰਾ ’ਤੇ ਜਾ ਰਹੀਆਂ ਸੰਗਤਾਂ ਨਾਲ ਭਰਿਆ ਇੱਕ ਟਰਾਲਾ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵੱਲ ਨੂੰ ਜਾ ਰਿਹਾ ਸੀ ਅਤੇ ਢਾਡੀ ਕਪੂਰ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਤੋਂ ਪ੍ਰੋਗਰਾਮ ਲਗਾ ਕੇ ਆਪਣੇ ਮੋਟਰਸਾਈਕਲ ’ਤੇ ਪਿੰਡ ਕਾਉਂਕੇ ਨੂੰ ਵਾਪਸ ਜਾ ਰਿਹਾ ਸੀ।
ਦੁਸਹਿਰਾ ਗਰਾਂਊਡ ਦੇ ਨੇਡ਼੍ਹੇ ਟਰਾਲੇ ਦੀ ਸਾਈਡ ਵੱਜਣ ਨਾਲ ਉਹ ਇਸ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਪਿਛਲੇ ਟਾਇਰ ਉਸ ਉਪਰ ਦੀ ਲੰਘ ਗਏ ਅਤੇ ਢਾਡੀ ਕਪੂਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਘਟਨਾ ਵਾਲੇ ਸਥਾਨ ’ਤੇ ਪੁੱਜੇ ਸਹਾਇਕ ਥਾਣੇਦਾਰ ਵਿਪਨ ਕੁਮਾਰ ਨੇ ਕਪੂਰ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਮਾਛੀਵਾਡ਼ਾ ਵਿਖੇ ਭੇਜਿਆ ਜਦਕਿ ਟਰਾਲੇ ਨੂੰ ਜ਼ਬਤ ਕਰਕੇ ਮਾਛੀਵਾਡ਼ਾ ਥਾਣਾ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਟਰਾਲੇ ਨੂੰ ਜੁਗਰਾਜ ਸਿੰਘ ਵਾਸੀ ਅਜਿਤ ਗਿੱਲ ਥਾਣਾ ਜੈਤੋ, ਫਰੀਦਕੋਟ ਚਲਾ ਰਿਹਾ ਸੀ ਜਿਸ ਨੂੰ ਥਾਣਾ ਲਿਆਂਦਾ ਗਿਆ।
ਪੁਲਸ ਵਲੋਂ ਮ੍ਰਿਤਕ ਕਪੂਰ ਸਿੰਘ ਕਾਉਂਕੇ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਮਰਾਲਾ ਵਿਖੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਢਾਡੀ ਕਪੂਰ ਸਿੰਘ ਕਾਉਂਕੇ ਦਾ ਧਾਰਮਿਕ ਜਗਤ ਵਿਚ ਬਹੁਤ ਨਾਮ ਸੀ ਅਤੇ ਕਾਫ਼ੀ ਨੌਜਵਾਨ ਉਨ੍ਹਾਂ ਦੇ ਸ਼ਗਿਰਦ ਹਨ ਜਿਨ੍ਹਾਂ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਨਾਲ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਢਾਡੀ ਕਪੂਰ ਦੀ ਮੌਤ ’ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਬਾਬਾ ਮੋਹਣ ਸਿੰਘ, ਜਸਵੀਰ ਸਿੰਘ ਗਿੱਲ, ਬਾਬਾ ਬਲਜੀਤ ਸਿੰਘ ਬੁਰਜ, ਬਾਬਾ ਹਰੀ ਸਿੰਘ, ਜਸਵੀਰ ਸਿੰਘ ਢਿੱਲੋਂ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਕਥਾਵਾਚਕ ਇਕਨਾਮ, ਅਕਾਊਂਟੈਂਟ ਸੁਖਦੇਵ ਸਿੰਘ, ਖਜਾਨਚੀ ਜਸਵੀਰ ਸਿੰਘ ਆਦਿ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।






