ਸ੍ਰੀਨਗਰ, 16 ਮਾਰਚ – ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਨੌਗਾਮ ਇਲਾਕੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਪੁਲੀਸ ਮੁਤਾਬਕ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਸ਼ੋਪੀਆਂ ਦੇ ਆਦਿਲ ਤੇਲੀ ਅਤੇ ਸਾਕਿਬ ਤਾਂਤਰੇ ਵਜੋਂ ਹੋਈ ਹੈ। ਤੀਜਾ ਅਤਿਵਾਦੀ ਸ਼ਾਇਦ ਉਮਰ ਤੇਲੀ ਹੈ। ਉਸ ਦੇ ਪਰਿਵਾਰ ਨੂੰ ਪਛਾਣ ਲਈ ਬੁਲਾਇਆ ਹੈ। ਤਿੰਨੋਂ ਸਥਾਨਕ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਸਨ। ਮੁਕਾਬਲੇ ਵਾਲੀ ਥਾਂ ਤੋਂ ਏਕੇ-47 ਅਤੇ ਦੋ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ।






