ਪਟਿਆਲਾ, 21 ਮਾਰਚ -ਪਟਿਆਲਾ ਪੁਲੀਸ ਨੇ ਜੇਲ ਵਿੱਚ ਬੰਦ ਅਪਰਾਧੀਆਂ ਨਾਲ ਸਬੰਧ ਰੱਖਣ ਵਾਲੇ ਤਿੰਨ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਸ਼ੰਭੂ ਨੇੜੇ ਹਾਈਵੇਅ ਤੇ ਪਿਸਤੌਲ ਦੀ ਨੌਕ ਤੇ ਵਰਨਾ ਕਾਰ ਖੋਹੀ ਸੀ। ਅੱਜ ਇੱਥੇ ਇੱਕ ਪੱਤਰਕਾਰ ਸੰਮਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਪਹਿਚਾਨ ਪਵਨਦੀਪ ਸਿੰਘ ਪਵਨ ਗਰਚਾ ਵਾਸੀ ਪਿੰਡ ਬਿਲਗਾ, ਲੁਧਿਆਣਾ, ਮਨਵਿੰਦਰ ਸਿੰਘ ਉਰਫ ਚਮਕੌਰ ਸਿੰਘ ਵਾਸੀ ਪਿੰਡ ਖਾਪੜ ਖੇੜੀ ਥਾਣਾ ਘਰਿੰਡਾ ਅੰਮ੍ਰਿਤਸਰ ਅਤੇ ਰਣਯੋਧ ਸਿੰਘ ਜੋਤੀ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਥਾਣਾ ਨਿਹਾਲ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ। ਇਹ ਤਿੰਨੇ ਆਦੀ ਮੁਜਰਿਮ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਨ੍ਹਾਂ ਕੋਲੋਂ ਖੋਹ ਕੀਤੀ ਵਰਨਾ ਕਾਰ ਤੇ 6 ਰੌਂਦਾਂ ਸਮੇਤ 32 ਬੋਰ ਪਿਸਟਲ 32 ਬੋਰ ਅਤੇ ਇੱਕ ਹੋਰ ਪਿਸਤੌਲ 315 ਬੋਰ ਤੇ 2 ਕਾਰਤੂਸਾਂ ਸਮੇਤ ਵਾਰਦਾਤ ਵਿੱਚ ਵਰਤੀ ਸਵਿਫ਼ਟ ਕਾਰ ਵੀ ਬ੍ਰਾਮਦ ਕੀਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਬੀਤੀ 28 ਫਰਵਰੀ ਨੂੰ ਆਈ. ਸੀ. ਆਈ. ਸੀ. ਆਈ ਬੈਂਕ ਬ੍ਰਾਂਚ ਰਾਜਪੁਰਾ ਵਿੱਚ ਬਤੌਰ ਡਿਪਟੀ ਮੇਨੈਜਰ/ਕੈਸ਼ੀਅਰ ਕੰਮ ਕਰਦੇ ਅਜੈਬ ਸਿੰਘ ਵਾਸੀ ਦੇਵੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਰਾਤ ਕਰੀਬ ਸਾਢੇ 7 ਵਜੇ ਜਦੋਂ ਉਹ ਸ਼ੰਭੂ ਨੇੜੇ ਘੱਗਰ ਸਰਾਏ ਪੁਲ ਵਿਖੇ ਖੜ੍ਹਾ ਸੀ ਤਾਂ ਇੱਕ ਸਵਿਫਟ ਕਾਰ ਉਸਦੀ ਕਾਰ ਪਿੱਛੇ ਆਕੇ ਰੁਕੀ ਜਿਸ ਵਿਚੋਂ ਦੋ ਨੌਜਵਾਨ ਥੱਲੇ ਉਤਰਕੇ ਆਏ ਅਤੇ ਇੱਕ ਨੇ ਰਸਤਾ ਪੁੱਛਣ ਦੇ ਬਹਾਨੇ ਪਿਸਟਲ ਪੁਆਇਟ ਤੇ ਉਸ ਨੂੰ ਤਾਕੀ ਵਿਚੋਂ ਬਾਹਰ ਖਿਚ ਲਿਆ ਅਤੇ ਦੂਸਰੇ ਨੇ ਜਮੀਨ ਵੱਲ ਫਾਇਰ ਮਾਰ ਕੇ ਉਸ ਦੀ ਵਰਨਾ ਕਾਰ ਖੋਹ ਲਈ। ਇਸ ਸਬੰਧੀ ਪੁਲੀਸ ਵਡੋਂ ਆਈ ਪੀ ਸੀ ਦੀ ਧਾਰਾ 379ਬੀ, 392, 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. ਡਾ. ਮਹਿਤਾਬ ਸਿੰਘ ਅਤੇ ਡੀ.ਐਸ.ਪੀ. ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਦੇ ਇੰਚਾਰਚ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਉਪਰੇਸ਼ਨ ਚਲਾਇਆ ਜਿਸ ਤਹਿਤ 20 ਮਾਰਚ ਨੂੰ ਏ.ਐਸ.ਆਈ. ਸੁਖਵਿੰਦਰ ਸਿੰਘ ਤੇ ਹੌਲਦਾਰ ਅਵਤਾਰ ਸਿੰਘ ਦੀ ਪੁਲੀਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਮਰਦਾਪੁਰ ਤੋਂ ਸ਼ੰਭੂ ਜਾਂਦੀ ਰੋਡ ਨੇੜੇ ਰੇਲਵੇ ਲਾਇਨ ਤੇ ਨਾਕਾਬੰਦੀ ਦੌਰਾਨ ਘਨੌਰ ਤੋਂ ਆਉਂਦੀ ਕਾਰ ਦੇ ਚਾਲਕਾਂ ਨੂੰ ਕਾਬੂ ਕਰਕੇ ਕੀਤਾ, ਜਿਨ੍ਹਾਂ ਦੀ ਪਛਾਣ, ਉਕਤ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਵਜੋਂ ਹੋਈ। ਇਨ੍ਹਾਂ ਕੋਲੋਂ ਹਥਿਆਰ ਬ੍ਰਾਮਦ ਹੋਏ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਖੋਹੀ ਵਰਨਾ ਕਾਰ ਵੀ ਬਰਾਮਦ ਕਰ ਲਈ ਗਈ।
ਉਹਨਾਂ ਦੱਸਿਆ ਕਿ ਇਹ ਸਾਰੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਹਨ, ਜਿਨ੍ਹਾਂ ਦੇ ਜੇਲਾਂ ਵਿੱਚ ਬੰਦ ਵੱਡੇ ਤੇ ਖ਼ਤਰਨਾਕ ਅਪਰਾਧੀਆਂ ਨਾਲ ਸਬੰਧ ਸਾਹਮਣੇ ਆਏ ਹਨ। ਇਹ ਵਿਅਕਤੀ ਹਰਿਆਣਾ ਤੋਂ ਸ਼ਰਾਬ ਲਿਆ ਕੇ ਚੰਡੀਗੜ੍ਹ ਵੇਚਦੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਜਿਸ ਲਈ ਇੰਨ੍ਹਾਂ ਨੇ ਵਰਨਾ ਖੋਹੀ ਸੀ।
ਉਨ੍ਹਾਂ ਕਿਹਾ ਕਿ ਪਵਨਦੀਪ ਸਿੰਘ ਦੀ ਦੁਸ਼ਮਨੀ ਉਸ ਦੇ ਪਿੰਡ ਵਾਸੀ ਮਨਪ੍ਰੀਤ ਸਿੰਘ ਮੰਨਾ ਨਾਲ ਹੈ, ਜਿਸ ਨੇ ਉਸਦੇ ਸੱਟਾਂ ਮਾਰੀਆਂ ਸਨ, ਜਿਸ ਸਬੰਧੀ ਥਾਣਾ ਸਾਹਨੇਵਾਲ ਇੱਕ ਮਾਮਲਾ ਵੀ ਦਰਜ ਹੈ ਤੇ ਹੁਣ ਪਵਨਦੀਪ ਸਿੰਘ ਇਸ ਦਾ ਬਦਲਾ ਲੈਣ ਲਈ ਮਨਪ੍ਰੀਤ ਸਿੰਘ ਮੰਨਾ ਦਾ ਵੱਡਾ ਨੁਕਸਾਨ ਕਰਨਾ ਚਾਹੁੰਦਾ ਸੀ, ਜਿਸ ਲਈ ਉਸਨੇ ਆਪਣੇ ਰਿਸ਼ਤੇਦਾਰ ਰਣਯੋਧ ਸਿੰਘ ਜੋਤੀ ਅਤੇ ਮਨਵਿੰਦਰ ਸਿੰਘ ਨੂੰ ਆਪਣੇ ਨਾਲ ਲਾ ਲਿਆ ਸੀ। ਉਹਨਾਂ ਕਿਹਾ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੀ ਵਾਰਦਾਤ ਤੋਂ ਬਚਾਅ ਤਾਂ ਹੋਇਆ ਹੀ ਹੈ, ਬਲਕਿ ਵਾਰਦਾਤ ਵੀ ਹੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ।






