ਮਾਲੇਰਕੋਟਲਾ, 21 ਮਾਰਚ, 2022: ਭਾਰਤੀ ਕਿਸਾਨ ਯੂਨੀਅਨ(ਏਕਤਾ) ਉਗਰਾਹਾਂ ਬਲਾਕ ਮਾਲੇਰਕੋਟਲਾ, ਅਮਰਗੜ,ਅਹਿਮਦਗੜ ਅਤੇ ਧੂਰੀ ਵੱਲੋਂ ਪੰਜਾਬ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਔਰਤਾਂ ਨੇ ਬਸੰਤੀ ਚੁੰਨੀਆਂ ਲੈ ਕੇ ਪੁੱਜੀਆਂ। ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਲੇ ਕਾਨੂੰਨ ਲਾਗੂ ਕੀਤੇ ਸਨ ਪਰ ਦੇਸ਼ ਦੇ ਕਿਰਤੀ ਲੋਕਾਂ ਨੇ ਲਟਕਵੇ ਘੋਲਾਂ ਰਾਹੀਂ ਰੱਦ ਦਿੱਤੇ ਹਨ। ਪਰ ਇਸ ਅੰਦੋਲਨ ਨਾਲ ਸਬੰਧਤ ਮੰਗਾਂ ਜੋ ਮੋਦੀ ਸਰਕਾਰ ਨੇ ਮੰਨੀਆਂ ਸਨ ਪਰ ਉਹਨਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਜਿਵੇਂ ਕਿ ਐਮਐਸਪੀ ਤੇ ਕਮੇਟੀ ਬਣਾਉਣਾ, ਲਖਮੀਰਪੁਰ ਖੀਰੀ ਘਟਨਾ ਨਾਲ ਸਬੰਧਤ ਕਥਿਤ ਦੋਸੀ ਕੇਂਦਰੀ ਮੰਤਰੀ ਅਜੇ ਮਿਸਰਾ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਸਲਾਖਾ ਪਿੱਛੇ ਸੁੱਟਣਾ, ਅੰਦੋਲਣ ਨਾਲ ਸਬੰਧਤ ਅੰਦੋਲਨਕਾਰੀਆਂ ਉਪਰ ਪਾਏ ਪਰਚੇ ਰੱਦ ਕੀਤੇ ਜਾਣ। ਉਨਾਂ ਕਿਹਾ ਕਿ ਭਾਖੜਾ, ਬਿਆਸ ਮਨੈਜਮੈਂਟ ਵਿਚ ਕੀਤੀ ਸੋਧ ਵਾਪਸ ਲਈਆਂ ਜਾਣ ਭਾਵੇਂ ਭਾਰਤ ਨੂੰ 1947 ਵਿਚ ਅਜਾਦ ਹੋਣ ਦੀ ਗੱਲ ਕਹੀ ਜਾਂਦੀ ਹੈ। ਅਜਾਦੀ ਅੰਗਰੇਜਾਂ ਦੇ ਦਲਾਲਾਂ ਦੀ ਆਈ ਕਿਉਕਿ ਆਮ ਜਨਤਾ ਦੀ ਤਾਂ ਅੱਜ ਵੀ ਹਰ ਤਰਾਂ ਦੀ ਲੁੱਟ ਹੋ ਰਹੀ ਹੈ। ਅੱਜ ਵੀ ਕਾਰਪੋਰੇਟ ਕੰਪਨੀਆਂ ਸਰੇਬਜਾਰ ਲੁੱਟ ਰਹੀਆਂ ਹਨ। ਮੋਦੀ ਦੀ ਤਾਨਾਸਾਹੀ ਸਰਕਾਰ ਨੇ ਦੇਸ ਦੇ ਸਾਰੇ ਸਰਕਾਰੀ ਅਦਾਰੇ ਏਅਰਪੋਰਟ, ਰੇਲਵੇ, ਬੀਐਸਐਨਐਲ ਸੇਲ ਤੇ ਲਾ ਦਿੱਤੇ ਹਨ। ਉਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ, ਸਕੂਲ ਆਦਿ ਦੀ ਲੁੱਟ ਪਹਿਲਾਂ ਨਾਲੋਂ ਵੀ ਤੇਜ ਹੈ ਅਤੇ ਲੁੱਟਣ ਦੇ ਤਰੀਕੇ ਜਰੂਰ ਬਦਲੇ ਹਨ। ਆਖਿਰ ਵਿਚ ਰੋਸ ਮਾਰਚ ਕਰਦਿਆਂ ਡੀ.ਸੀ ਦਫਤਰ ਦੇ ਬਾਹਰ ਧਰਨਾ ਦੇ ਕੇ ਮੰਗ ਪੱਤਰ ਸੋਪੀਆ ਗਿਆ। ਇਸ ਮੌਕੇ ਜਨਕ ਸਿੰਘ ਭੁਟਾਲ ਸੂਬਾ ਮੀਤ ਪ੍ਰਧਾਨ ,ਬਲਾਕ ਖਜਾਨਚੀ, ਬਲਵਿੰਦਰ ਸਿੰਘ ਪੇਧਨੀ, ਦਰਸ਼ਨ ਸਿੰਘ ਕਿਲਾ ਹਕੀਮਾ,ਬਲਾਕ ਪ੍ਰਧਾਨ ਨਿਰਮਲ ਸਿੰਘ ਅਲੀਪੁਰ, ਬਲਾਕ ਅਮਰਗੜ ਤੋਂ ਦਰਸ਼ਨ ਸਿੰਘ,ਬਲਾਕ ਅਹਿਮਦਗੜ ਤੋਂ ਸ਼ੇਰ ਸਿੰਘ ਅਤੇ ਬਲਾਕ ਧੂਰੀ ਤੋਂ ਹਰਪਾਲ ਸਿੰਘ ਲੱਡਾ ਆਦਿ ਵੀ ਹਾਜਰ ਸਨ।






