ਬਠਿੰਡਾ, 21 ਮਾਰਚ 2022: ਅੱਜ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਮੌਕੇ ਕਿਸਾਨਾਂ ਨਾਲ ਕੀਤੇ ਗਏ ਲਿਖਤੀ ਵਾਅਦਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਕੇਂਦਰੀ ਭਾਜਪਾ ਹਕੂਮਤ ਖਿਲਾਫ ਰੋਸ ਪ੍ਰਦਰਸਨ ਕਰ ਕੇ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਸੰਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਨਵੀਂ ਸਰਕਾਰ ਬਣ ਤੋਂ ਬਾਅਦ ਬਠਿੰਡਾ ’ਚ ਇਹ ਪਹਿਲਾ ਵੱਡਾ ਧਰਨਾ ਹੈ ਜਿਸ ’ਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਔਰਤ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਵਾਅਦਾ ਖਿਲਾਫੀਆਂ ਨੂੰ ਲੈਕੇ ਮੋਦੀ ਭਾਜਪਾ ਹਕੂਮਤ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਸਾਨਾਂ ਨਾਲ ਅਪਣਾਏ ਵਤੀਰੇ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਘਰਸ਼ ਦੇ ਦਬਾਅ ਹੇਠ ਕਾਲੇ ਖੇਤੀ ਕਾਨੂੰਨ ਰੱਦ ਕਰਨ ਵਾਲੀ ਮੰਗ ਤਾਂ ਮੰਨ ਲਈ ਪਰ 9 ਦਿਸੰਬਰ ਸਰਕਾਰੀ ਪੱਤਰ ਰਾਹੀਂ ਰਹਿੰਦੀਆਂ ਮੰਗਾਂ ਬਾਰੇ ਕੀਤੇ ਗਏ ਲਿਖਤੀ ਵਾਅਦਿਆਂ ਨੂੰ ਲਾਗੂ ਕਰਨ ਬਾਰੇ ਅਜੇ ਤੱਕ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਿਸਾਨ ਵਿਰੋਧੀ ਵਤੀਰੇ ਦਾ ਖਮਿਆਜਾ ਉਸਨੂੰ ਰੋਹ ਭਰਪੂਰ ਕਿਸਾਨ ਸੰਘਰਸ਼ ਦੇ ਰੂਪ ਵਿੱਚ ਭੁਗਤਣਾ ਪਵੇਗਾ।
ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਇਨ੍ਹਾਂ ਲਿਖਤੀ ਵਾਅਦਿਆਂ ਵਿੱਚ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮ ਐੱਸ ਪੀ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਮਿਥਣ ਅਤੇ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਸਮੇਤ ਜਨਤਕ ਵੰਡ ਪ੍ਰਣਾਲੀ ਦੀ ਮਜਬੂਤੀ ਸਬੰਧੀ ਕਮੇਟੀ ਬਨਾਉਣੀ, ਲਖੀਮਪੁਰ ਖੀਰੀ (ਯੂ ਪੀ) ਕਾਂਡ ਦੇ ਮਾਮਲੇ ’ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਗਿ੍ਰਫਤਾਰ ਕਰ ਕੇ ਕੁਰਸੀ ਤੋਂ ਲਾਹੁਣਾ ਅਤੇ ਸਾਰੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣਾ, ਦਿੱਲੀ, ਚੰਡੀਗੜ੍ਹ, ਹਰਿਆਣਾ,ਯੂ ਪੀ ਅਤੇ ਹੋਰ ਕਈ ਰਾਜਾਂ ਵਿੱਚ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕਰਨੇ ਅਤੇ ਜੇਲ੍ਹੀਂ ਡੱਕੇ ਕਿਸਾਨਾਂ ਦੀ ਤੁਰੰਤ ਰਿਹਾਈ ,700 ਤੋਂ ਵੱਧ ਕਿਸਾਨਾਂ ਮਜਦੂਰਾਂ ਦੇ ਵਾਰਿਸਾਂ ਨੂੰ ਢੱਕਵੇਂ ਮੁਆਵਜੇ ਅਤੇ ਨੌਕਰੀਆਂ ਆਦਿ ਸਮੇਤ ਹੋਰ ਵੀ ਕਈ ਮਸਲੇ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇੱਕ ਮਹੀਨੇ ਦੇ ਵਿੱਚ-ਵਿੱਚ ਲਾਗੂ ਕਰਨ ਦਾ ਵਾਅਦਾ ਸੀ ਪ੍ਰੰਤੂ ਹੁਣ ਤੱਕ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਇਹ ਵਾਅਦੇ ਲਾਗੂ ਨਹੀਂ ਕੀਤੇ ਗਏ। ਉਲਟਾ ਪੰਜਾਬ ਹਰਿਆਣਾ ਦੇ ਕਿਸਾਨਾਂ ਅਤੇ ਸਮੂਹ ਕਿਰਤੀ ਲੋਕਾਂ ਉੱਤੇ ਨਵਾਂ ਹਮਲਾ ਵਿੱਢ ਦਿੱਤਾ ਗਿਆ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੰਟਰੋਲ ਇਸ ਦੀ ਸੁਰੱਖਿਆ ਸਮੇਤ ਪੰਜਾਬ ਹਰਿਆਣੇ ਦੇ ਲੋਕਾਂ ਤੋਂ ਖੋਹ ਕੇ ਕੇਂਦਰ ਨੇ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕਰ ਮਾਰਿਆ ਹੈ। ਪ੍ਰਦਰਸਨਕਾਰੀਆਂ ਵੱਲੋਂ ਇਹ ਫੈਸਲਾ ਵੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਜਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਇਹ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਸਰਕਾਰ ਨੂੰ ਤਿੱਖੇ ਕਿਸਾਨ ਸੰਘਰਸ਼ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 28,29 ਮਾਰਚ ਨੂੰ ਦੇਸ ਭਰ ਦੀਆਂ ਟਰੇਡ ਯੂਨੀਅਨਾਂ ਵੱਲੋਂ ਭਾਜਪਾ ਮੋਦੀ ਸਰਕਾਰ ਦੁਆਰਾ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ ਨੀਤੀਆਂ ਮੜ੍ਹੇ ਜਾਣ ਵਿਰੁੱਧ ਦੇਸ ਵਿਆਪੀ ਹੜਤਾਲ ਦਾ ਡਟਵਾਂ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਮੂਹ ਕਿਸਾਨਾਂ ਮਜਦੂਰਾਂ ਤੇ ਹੋਰ ਕਿਰਤੀ ਲੋਕਾਂ ਨੂੰ ਇਸ ਹੜਤਾਲ ਵਿੱਚ ਵਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦਾਣਾ ਮੰਡੀ ਤਲਵੰਡੀ ਸਾਬੋ ਵਿਖੇ ਜਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ।ਉਹਨਾਂ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਤੇ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਵਧ-ਚੜ ਕੇ ਸਮੂਲੀਅਤ ਕਰਨ।ਅੱਜ ਦੇ ਧਰਨੇ ਦੌਰਾਨ ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ, ਬਲਜੀਤ ਸਿੰਘ ਪੂਹਲਾ, ਸੁਖਦੇਵ ਸਿੰਘ ਜਵੰਦਾ, ਰਾਜਵਿੰਦਰ ਸਿੰਘ ਰਾਜੂ,ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ ਅਤੇ ਗੁਰਤੇਜ ਸਿੰਘ ਗੁਰੂਸਰ ਨੇ ਸੰਬੋਧਨ ਕੀਤਾ।






