ਨਵੀਂ ਦਿੱਲੀ, 21 ਮਾਰਚ-ਸੀ. ਬੀ. ਆਈ. ਨੇ ਜੀ. ਐੱਸ. ਟੀ. ਖੁਫੀਆ ਡਾਇਰੈਕਟੋਰੇਟ ਜਨਰਲ ਵਿੱਚ ਤੈਨਾਤ ਇੱਕ ਸੀਨੀਅਰ ਖੁਫੀਆ ਅਧਿਕਾਰੀ ਨੂੰ 60 ਲੱਖ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਮੁਤਾਬਕ ਇੱਕ ਵਪਾਰੀ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਅਧਿਕਾਰੀ ਨੇ ਉਸ ਦੇ ਪਿਤਾ ਵਿਰੁੱਧ ਚੱਲ ਰਹੇ ਇੱਕ ਮਾਮਲੇ ਵਿੱਚ ਮਦਦ ਲਈ ਇੱਕ ਕਰੋੜ ਦੀ ਰਿਸ਼ਵਤ ਮੰਗੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਤੇ ਸੀ. ਬੀ. ਆਈ. ਨੇ ਸਬੰਧਤ ਅਧਿਕਾਰੀ ਮੋਹਿਤ ਧਨਖੜ ਵਿਰੁੱਧ ਮਾਮਲਾ ਦਰਜ ਕੀਤਾ।
ਸੀ. ਬੀ. ਆਈ. ਬੁਲਾਰੇ ਆਰ. ਸੀ. ਜੋਸ਼ੀ ਨੇ ਕਿਹਾ ਕਿ ਦੋਸ਼ ਸੀ ਕਿ ਜੀ. ਐੱਸ. ਟੀ. ਖੁਫੀਆ ਡਾਇਰੈਕਟੋਰੇਟ ਜਨਰਲ, ਗਾਜ਼ੀਆਬਾਦ ਵਿੱਚ ਇੱਕ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਪਿਤਾ ਨੂੰ ਮਦਦ ਲਈ ਦੋਸ਼ੀ ਨੇ ਨਿੱਜੀ ਵਿਅਕਤੀਆਂ/ਦਲਾਲਾਂ ਜ਼ਰੀਏ ਇੱਕ ਕਰੋੜ ਰੁਪਏ ਦੀ ਰਿਸ਼ਵਤ ਮੰਗੀ।
ਉਨ੍ਹਾਂ ਨੇ ਦੱਸਿਆ ਕਿ ਏਜੰਸੀ ਨੇ ਜਾਲ ਵਿਛਾਇਆ ਅਤੇ ਉਸ ਅਧਿਕਾਰੀ ਵੱਲੋਂ ਰਾਕੇਸ਼ ਸ਼ਰਮਾ ਨਾਮੀ ਇੱਕ ਨਿੱਜੀ ਵਿਅਕਤੀ ਨੂੰ 60 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
ਬਾਅਦ ਵਿੱਚ ਇਸ ਪੂਰੇ ਮਾਮਲੇ ਵਿੱਚ ਸੀ. ਬੀ. ਆਈ. ਨੇ ਸਬੰਧਤ ਅਧਿਕਾਰੀ ਮੋਹਿਤ ਧਨਖੜ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਦੋਸ਼ੀ ਦੇ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।






