ਐਸ ਏ ਐਸ ਨਗਰ, 21 ਮਾਰਚ- ਪੰਜਾਬ ਸਕੂਲ ਸਿਖਿਆ ਬੋਰਡ ਫੇਜ਼ 8 ਦੇ ਦਫਤਰ ਅੱਗੇ ਸਿਖਿਆ ਬੋਰਡ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਬਾਰੇ ਇਤਰਾਜਯੋਗ ਗੱਲਾਂ ਲਿਖਣ ਵਿਰੁਧ ਧਰਨਾ ਦੇ ਰਹੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਹੋਰਨਾਂ ਧਰਨਾਕਾਰੀਆਂ ਦਾ ਸਮਰਥਣ ਕਰਦਿਆਂ ਪੁਆਧ ਦੇ ਲੋਕਾਂ ਵਲੋਂ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਧਰਨੇ ਵਾਲੀ ਥਾਂ ਪੱਕਾ ਸ਼ੈਡ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬੈਦਵਾਨ ਨੇ ਦੱਸਿਆ ਕਿ ਪੁਆਧ ਦੇ ਲੋਕਾਂ ਵਲੋਂ ਇਸ ਧਰਨੇ ਦਾ ਪੂਰਨ ਸਮਰਥਣ ਕੀਤਾ ਜਾ ਰਿਹਾ ਹੈ ਅਤੇ ਇਸ ਧਰਨੇ ਦੇ ਆਯੋਜਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਹਨਾਂ ਧਰਨਾਕਾਰੀਆਂ ਨੂੰ ਮੀਂਹ ਅਤੇ ਧੁੱਪ ਤੋਂ ਬਚਾਉਣ ਲਈ ਧਰਨੇ ਵਾਲੀ ਥਾਂ ਪੱਕੇ ਸ਼ੈਡ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਹਰੇਕ ਧਰਮ ਦਾ ਸਤਿਕਾਰ ਕੀਤਾ ਜਾਣਾ ਜਰੂਰੀ ਹੈ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਖਿਲਾਫ ਲਿਖੀਆਂ ਇਤਰਾਜਯੋਗ ਗੱਲਾਂ ਖਿਲਾਫ ਪੁਆਧ ਦੇ ਵਸਨੀਕਾਂ ਵਲੋਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਪੁਆਧ ਵਾਸੀ ਬਲਬੀਰ ਸਿੰਘ, ਟੋਨੀ ਤੇ ਹੋਰ ਮੌਜੂਦ ਸਨ।






