ਰਾਏਪੁਰ, 21 ਮਾਰਚ-ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਕੇਂਦਰੀ ਰਿਜ਼ਰਵ ਪੁਲੀਸ ਫ਼ੋਰਸ (ਸੀ. ਆਰ. ਪੀ. ਐੱਫ.) ਦੇ ਹਾਲ ਵਿੱਚ ਨਿਰਮਿਤ ਇੱਕ ਕੈਂਪ ਵਿੱਚ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਸੀ. ਆਰ. ਪੀ. ਐੱਫ. ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਜਨਰਲ ਇੰਸਪੈਕਟਰ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਚਿੰਤਾਗੁਫ਼ਾ ਥਾਣਾ ਖੇਤਰ ਦੇ ਏਲਮਾਗੁੰਡਾ ਕੈਂਪ ਦੇ ਨੇੜੇ-ਤੇੜੇ ਨਕਸਲੀਆਂ ਦੇ ਇੱਕ ਸਮੂਹ ਨੇ ਸਵੇਰੇ ਕਰੀਬ 6 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉੱਥੇ ਤਾਇਨਾਤ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਸੀ. ਆਰ. ਪੀ. ਐੱਫ. ਦੀ ਦੂਜੀ ਬਟਾਲੀਅਨ ਦੇ ਹੌਲਦਾਰ ਹੇਮੰਤ ਚੌਧਰੀ, ਕਾਂਸਟੇਬਲ ਬਸੱਪਾ ਅਤੇ ਲਲਿਤ ਬਾਘ ਜ਼ਖ਼ਮੀ ਹੋ ਗਏ ਹਨ। ਆਈ. ਜੀ. ਪੀ. ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਹਮਲਾਵਰ ਨਕਸਲੀਆਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੈਂਪ ਵਿੱਚ ਮੌਜੂਦ ਹੋਰ ਜਵਾਨਾਂ ਅਤੇ ਅਧਿਕਾਰੀਆਂ ਨੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਦੱਸਿਆ ਕਿ ਏਲਮਾਗੁੰਡਾ ਕੈਂਪ ਦੀ ਸਥਾਪਨਾ ਕੁਝ ਸਮੇਂ ਪਹਿਲਾਂ ਹੀ ਕੀਤੀ ਗਈ ਹੈ। ਇਹ ਕੈਂਪ ਚਿੰਤਾਗੁਫਾ ਥਾਣੇ ਤੋਂ ਲਗਭਗ 12 ਕਿਲੋਮੀਟਰ ਦੂਰ ਹੈ। ਉੱਥੇ ਹੀ ਇਸ ਕੈਂਪ ਤੋਂ 6 ਕਿਲੋਮੀਟਰ ਦੀ ਦੂਰੀ ਤੇ ਮੀਨਪਾ ਪਿੰਡ ਵਿੱਚ ਸੀ. ਆਰ. ਪੀ. ਐੱਫ. ਦਾ ਹੋਰ ਕੈਂਪ ਹੈ।






