ਬਠਿੰਡਾ, 21 ਮਾਰਚ 2022: ਸਤਿ ਸ੍ਰੀ ਅਕਾਲ ਜੀ ਥਾਣਾ ਸਦਰ ਤੋਂ ਮੁਨਸ਼ੀ ਪਰਗਟ ਸਿੰਘ ਵੱਲੋਂ ਆਪ ਜੀ ਦਾ ਸੁਆਗਤ ਹੈ। ਦੱਸੋ ਜਨਾਬ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦਾ ਹਾਂ। ਹੈਰਾਨ ਨਾਂ ਹੋਵੇ ਇਹ ਬੋਲ ਸੁਪਨਾ ਨਹੀਂ ਬਲਕਿ ਆਉਣ ਵਾਲੇ ਸਮੈਂ ਜ ਹਕੀਕਤ ਬਣ ਸਕਦੇ ਹਨ। ਬਠਿੰਡਾ ਜਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਨੇ ਏਦਾਂ ਦੇ ਹੁਕਮ ਦਿੱਤੇ ਹਨ ਜੇਕਰ ਉਹ ਲਾਗੂ ਹੋ ਜਾਣ ਤਾਂ ਪੁਲਿਸ ਦੀ ਬੋਲਬਾਣੀ ’ਚ ਸੁਧਾਰ ਆਉਣ ਦੀ ਸੰਭਾਵਨਾ ਹੈ। ਐਸਐਸਪੀ ਨੇ ਸਮੂਹ ਥਾਣਿਆਂ,ਪੁਲਿਸ ਚੌਂਕੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਜਿਸ ’ਚ ਆਮ ਲੋਕਾਂ ਦੀ ਢੁੱਕਵੀਂ ਸਹਾਇਤਾ ਅਤੇ ਦੁਰਵਿਹਾਰ ਨਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੱਤਰ ਚ ਕਿਹਾ ਹੈ ਕਿ ਥਾਣਿਆ ਵਿੱਚ ਅਜਿਹਾ ਮਹੌਲ ਸਿਰਜਿਆ ਜਾਏ ਜਿੱਥੇ ਮੁਲਾਜਮ ਕੰਮ ਧੰਦੇ ਲਈ ਆਉਣ ਵਾਲਿਆਂ ਨਾਲ ਮਿੱਠ ਬੋਲੜੀ ਭਾਸ਼ਾ ’ਚ ਗੱਲ ਕਰਨ । ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਜਿਲ੍ਹੇ ’ਚ ਇਹ ਨਵੀਂ ਪਹਿਲਕਦਮੀ ਸਾਹਮਣੇ ਆਈ ਹੈ ਜਿੱਥੇ ਪੁਲਿਸ ਦਾ ‘ਵੱਢੂੰ ਖਾਊਂ’ ਵਾਲਾ ਵਤੀਰਾ ਚਰਚਾ ’ਚ ਰਹਿੰਦਾ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਨੂੰ ਕਿੰਨੀ ਸਫਲਤਾ ਮਿਲਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਜੇ ਇਹ ਗੱਲ ਹਕੀਕਤ ਬਣਦੀ ਹੈ ਤਾਂ ਪੁਲਿਸ ਮੁਲਾਜਮ ਲੋਕਾਂ ਨੂੰ ਅਰਾਮ ਨਾਲ ਬਿਠਾਕੇ ਚਿਹਰੇ ਤੇ ਗੁੱਸੇ ਜਾਂ ਕੜਵਾਹਟ ਦੀ ਬਜਾਏ ਸ਼ਾਂਤ ਚਿੱਤ ਅਤੇ ਨਿਮਰਤਾ ਸਾਹਿਤ ਤਕਲੀਫਾਂ ਸੁਣਿਆ ਕਰਨਗੇ।
ਬਿਨਾਂ ਸ਼ੱਕ ਇਹ ਅਜਿਹਾ ਫੈਸਲਾ ਹੈ ਜਿਸ ਦੇ ਸਫਲ ਹੋਣ ’ਚ ਖਦਸ਼ੇ ਬਰਕਰਾਰ ਹਨ ਫਿਰ ਵੀ ਏਦਾਂ ਦੀ ਪਹਿਲ ਹੋਣਾ ਵੀ ਵੱਡੀ ਗੱਲ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਈ ਵਰ੍ਹੇ ਪਹਿਲਾਂ ਵੀ ਸਰਕਾਰ ਨੇ ਪੁਲਿਸ ਢਾਂਚੇ ’ਚ ਤਬਦੀਲੀਆਂ ਕਰਨ ਲਈ ਪੰਜਾਬ ਦੇ ਪੰਜ ਦਰਜਨ ਤੋਂ ਵੱਧ ਥਾਣਿਆਂ ਦੀ ਕਾਰਜਸ਼ੈਲੀ ਬਾਰੇ ਅਧਿਐਨ ਕਰਵਾਇਆ ਸੀ। ਇਸ ਦੇ ਅਧਾਰ ਤੇ ਪੁਲਿਸ ਪ੍ਰਬੰਧ ’ਚ ਕਈ ਫੇਰਬਦਲ ਵੀ ਕੀਤੇ ਗਏ ਸਨ ਜਿੰਨ੍ਹਾਂ ਦੇ ਹਾਂ ਪੱਖੀ ਨਤੀਜਿਆਂ ਦੇ ਬਾਵਜੂਦ ਕਥਿਤ ਸਿਆਸੀ ਦਬਾਅ ਕਾਰਨ ਪੁਲਿਸ ’ਚ ਸੁਧਾਰ ਨਾਂ ਲਿਆਂਦਾ ਜਾ ਸਕਿਆ।
ਥਾਣਿਆਂ ’ਚ ਪੁਲਿਸ ਮੁਲਾਜਮਾਂ ਦੀਆਂ ਤਾਇਨਾਤੀਆਂ ਮੌਕੇ ਸਿਆਸੀ ਲੋਕਾਂ ਦੀ ਪੁੱਗਦੀ ਹੋਣ ਨੇ ਤਾਂ ਬਲਦੀ ਤੇ ਤੇਲ ਦਾ ਕੰਮ ਕੀਤਾ ਸੀ। ਪਿਛਲੇ ਲੰਮੇਂ ਸਮੇਂ ਤੋਂ ਬਣੇ ਅਜਿਹੇ ਮਹੌਲ ਨੂੰ ਸਹੀ ਕਰਨ ਲਈ ਹੁਣ ਨਵੀਂ ਸਰਕਾਰ ਨੇ ਕੁੱਝ ਐਲਾਨ ਕੀਤੇ ਹਨ ਜਿੰਨ੍ਹਾਂ ਦੀ ਰੌਸ਼ਨੀ ’ਚ ਜਿਲ੍ਹਾ ਬਠਿੰਡਾ ਪੁਲਿਸ ਨੂੰ ਨਵੀਆਂ ਲੀਹਾਂ ਤੇ ਪਾਉਣ ਦਾ ਫੈਸਲਾ ਹੋਇਆ ਹੈ। ਦੇਖਣ ’ਚ ਆਇਆ ਹੈ ਕਿ 8ਘੰਟੇ ਦਾ ਨਿਯਮ ਹੋਣ ਦੇ ਬਾਵਜੂਦ ਮੁਲਾਜਮਾਂ ਕੋਲੋਂ 15 ਤੋਂ 20 ਘੰਟੇ ਤੱਕ ਡਿਊਟੀ ਲਈ ਜਾ ਰਹੀ ਹੈ ਜਿਸ ਨੂੰ ਸਮੱਸਿਆ ਦੀ ਜੜ ਦੱਸਿਆ ਜਾਂਦਾ ਹੈ।
ਆਮ ਲੋਕਾਂ ‘ਚ ਪੁਲਿਸ ਦਾ ਅਕਸ ਭਾਵੇਂ ਜੋ ਮਰਜੀ ਹੋਵੇ ਪਰ ਮਾਨਵੀ ਪੱਖ ਇਹ ਹੈ ਕਿ ਬੇਲਗਾਮ ਡਿਊਟੀਆਂ ਕਾਰਨ ਪੁਲਿਸ ਦੀ ਸਿਹਤ ਖੁਰੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਦੇ ਅੱਧਿਓਂ ਵੱਧ ਮੁਲਾਜਮ ਬਲੱਡ ਪ੍ਰੈਸ਼ਰ , ਸ਼ੂਗਰ,ਮੋਟਾਪਾ ਅਤੇ ਹਾਈਪਰਟੈਨਸ਼ਨ ਆਦਿ ਤੋਂ ਪੀੜਤ ਹਨ। ਮਾਨਸਿਕ ਰੋਗਾਂ ਦੇ ਇੱਕ ਮਾਹਿਰ ਨੇ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਵੇਲੇ ਪੁਲਿਸ ਮੁਲਾਜਮਾਂ ਦਾ ਖੁਦ ਬੇਕਾਬੂ ਹੋ ਜਾਣ ਦਾ ਕਾਰਨ ਵੀ ਇਹ ਰੋਗ ਹੀ ਹਨ। ਅਜਿਹੇ ਕੁੱਟ ਕੁਟਾਪੇ ਦੌਰਾਨ ਸਰਕਾਰ ਪ੍ਰਤੀ ਆਮ ਲੋਕਾਂ ਦੀ ਨਰਾਜ਼ਗੀ ਵਧਦੀ ਹੈ।
ਪੁਲਿਸ ਮੁਲਾਜਮ ਵੀ ਅੰਦਰੋ ਅੰਦਰੀ ਔਖੇ ਹਨ ਕਿ ਉਹ ਆਪਣੇ ਅਹਿਮ ਪ੍ਰੀਵਾਰਕ ਰੁਝੇਵਿਆਂ ਜਾਂ ਪ੍ਰੀਵਾਰਾਂ ਨੂੰ ਸਮਾਂ ਨਹੀਂ ਦੇ ਪਾ ਰਹੇ ਪਰ ਅਨੁਸ਼ਾਸ਼ਨ ਦੇ ਡੰਡੇ ਕਾਰਨ ਚੁੱਪ ਹਨ। ਮੁਲਾਜਮਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਹਫਤਾਵਾਰੀ ਛੁੱੱਟੀ ਵੀ ਮੁਸ਼ਕਲ ਨਾਲ ਮਿਲਦੀ ਹੈ। ਆਮ ਆਦਮੀ ਪਾਰਟੀ ਨੇ ਸਰਕਾਰ ਆਉਣ ਤੇ ਪੁਲਿਸ ਪ੍ਰਬੰਧਾਂ ਨੂੰ ਸਹੀਂ ਕਰਨ ਦਾ ਵਾਅਦਾ ਕੀਤਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਸਮੇਤ ਲਏ ਕਈ ਫੈਸਲਿਆਂ ਕਾਰਨ ਪੁਲਿਸ ਮੁਲਾਜਮਾਂ ਨੂੰ ਰਾਹਤ ਦੀ ਆਸ ਬੱਝੀ ਹੈ।
ਟਰੈਫਿਕ ਪੁਲਿਸ ਤੇ ਵਧੇਰੇ ਫੋਕਸ
ਜਿਲ੍ਹਾ ਪੁਲਿਸ ਮੁਖੀ ਨੇ ਆਪਣਾ ਵਧੇਰੇ ਫੋਕਸ ਟਰੈਫਿਕ ਪੁਲਿਸ ’ਤੇ ਕੀਤਾ ਹੈ। ਐਸਐਸਪੀ ਨੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਬਹਿਸਬਾਜੀ ਖਾਸ ਤੌਰ ਤੇ ਟਰੈਫਿਕ ਪੁਲਿਸ ਵੱਲੋਂ ਖੱਜਲ ਖੁਆਰ ਕਰਨ ਸਬੰਧੀ ਇਲਜਾਮਾਂ ਵਾਲੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਨਾਲ ਪੁਲਿਸ ਪ੍ਰਸ਼ਾਸ਼ਨ ਦਾ ਅਕਸ ਖਰਾਬ ਹੁੰਦਾ ਹੈ। ਪੱਤਰ ’ਚ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਵਰਤਾਰੇ ਨੂੰ ਤੁਰੰਤ ਬੰਦ ਕੀਤਾ ਜਾਏ ਤਾਂ ਜੋਂ ਪੁਲਿਸ ਦੇ ਅਕਸ ’ਚ ਸੁਧਾਰ ਲਿਆਂਦਾ ਜਾ ਸਕੇ।
ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਸਖਤ
ਐਸ ਪੀ (ਹੈਡਕੁਆਟਰ) ਰਾਜਬੀਰ ਸਿੰਘ ਬੋਪਾਰਾਏ ਦਾ ਕਹਿਣਾ ਸੀ ਕਿ ਸਮੂਹ ਥਾਣਿਆਂ ਅਤੇ ਡੀ ਐਸ ਪੀਜ਼ ਨੂੰ ਸ਼ਕਾਇਤ ਕਰਨ ਵਾਲਿਆਂ ਦੇ ਮਸਲੇ ਨਿੱਜੀ ਤੌਰ ਤੇ ਪੂਰੀ ਹਲੀਮੀ ਨਾਲ ਸੁਣਨ ਅਤੇ ਉਨ੍ਹਾਂ ਦਾ ਸਮਾਂਬੱਧ ਹੱਲ ਕੱਢਣ ਸਬੰਧੀ ਨਿਰਦੇਸ਼ਾਂ ਤੇ ਸਖਤੀ ਨਾਲ ਅਮਲ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣਾ ਵਤੀਰਾ ਸਹੀ ਰੱਖਣ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਮੈਡਮ ਵੱਲੋਂ ਖੁਦ ਵੀ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।





