ਨਵੀਂ ਦਿੱਲੀ, 21 ਮਾਰਚ – ਕਤਰ ਏਅਰਵੇਜ਼ ਦੇ ਦਿੱਲੀ ਤੋਂ ਦੋਹਾ ਜਾ ਰਹੇ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਕਰਾਚੀ ਵਿੱਚ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ। ਜਹਾਜ਼ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ ਵਿੱਚ 100 ਤੋਂ ਵਧੇਰੇ ਯਾਤਰੀ ਸਵਾਰ ਸਨ। ਕਤਰ ਏਅਰਵੇਜ਼ ਦੀ ਉਡਾਣ ਨੰਬਰ-ਕਿਊ. ਆਰ. 579 ਨੂੰ ਕੁਝ ਤਕਨੀਕੀ ਕਾਰਨਾਂ ਤੋਂ ਕਰਾਚੀ ਵੱਲ ਮੋੜਿਆ ਗਿਆ ਹੈ।
ਕਤਰ ਏਅਰਵੇਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਾਰਗੋ ਹੋਲਡ ਵਿੱਚ ਧੂੰਏਂ ਦੇ ਸੰਕੇਤ ਕਾਰਨ ਅਜਿਹਾ ਕੀਤਾ ਗਿਆ। ਜਹਾਜ਼ ਕਰਾਚੀ ਵਿੱਚ ਸੁਰੱਖਿਅਤ ਰੂਪ ਨਾਲ ਉਤਰਿਆ। ਜਹਾਜ਼ ਤੋਂ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਕਤਰ ਏਅਰਵੇਜ਼ ਦਾ ਕਹਿਣਾ ਹੈ ਕਿ ਘਟਨਾ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਦੋਹਾ ਲੈ ਕੇ ਜਾਣ ਲਈ ਇਕ ਹੋਰ ਰਾਹਤ ਉਡਾਣ ਦੀ ਵਿਵਸਥਾ ਕੀਤੀ ਗਈ ਹੈ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। ਅੱਗੇ ਦੀ ਯਾਤਰਾ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।
ਜਹਾਜ਼ ਕੰਪਨੀ ਨੇ ਕਿਹਾ ਕਿ 21 ਮਾਰਚ ਨੂੰ ਦਿੱਲੀ ਤੋਂ ਦੋਹਾ ਜਾ ਰਹੇ ਜਹਾਜ਼ ਨੰਬਰ-ਕਿਊ. ਆਰ.579 ਦੇ ਕਾਰਗੋ ਹੋਲਡ ਵਿੱਚੋਂ ਧੂੰਆਂ ਨਿਕਲਣ ਦੇ ਸੰਕੇਤ ਤੋਂ ਬਾਅਦ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਗਿਆ ਅਤੇ ਉਸ ਨੂੰ ਕਰਾਚੀ ਵਿੱਚ ਸੁਰੱਖਿਅਤ ਉਤਾਰਿਆ ਗਿਆ।






