ਬ੍ਰਿਟੇਨ, 23 ਮਾਰਚ – ਆਸਟਰੇਲੀਅਨ ਓਪਨ ਵਿੱਚ ਆਪਣਾ ਤੀਜਾ ਗਰੈਂਡ ਸਲੈਮ ਜਿੱਤਣ ਤੋਂ 2 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਐਸ਼ ਬਾਰਟੀ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ। ਬਾਰਟੀ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਉਨ੍ਹਾਂ ਨੇ ਵਿਸ਼ਵ ਵਿੱਚ ਨੰਬਰ ਇੱਕ ਸਥਾਨ ਤੇ ਰਹਿੰਦੇ ਹੋਏ ਇਹ ਫ਼ੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬਾਰਟੀ ਨੇ ਆਪਣੇ ਇੰਸਟਾਗ੍ਰਾਮ ਤੇ 6 ਮਿੰਟ ਦੀ ਵੀਡੀਓ ਪਾ ਕਰੇ ਇਹ ਐਲਾਨ ਕੀਤਾ ਹੈ। ਉਹ ਬੇਹੱਦ ਭਾਵੁਕ ਸੀ ਅਤੇ ਉਨ੍ਹਾਂ ਦੀ ਆਵਾਜ਼ ਲੜਖੜਾ ਰਹੀ ਸੀ।
ਉਨ੍ਹਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਅਤੇ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਇਸ ਸਮੇਂ ਸਿਰਫ਼ ਆਪਣੇ ਦਿਲ ਦੀ ਸੁਣ ਰਹੀ ਹੈ ਅਤੇ ਉਹ ਜਾਣਦੀ ਹੈ ਕਿ ਇਹ ਸਹੀ ਫ਼ੈਸਲਾ ਹੈ। ਬਾਰਟੀ ਨੇ ਕਿਹਾ ਹੁਣ ਹੋਰ ਸਫ਼ਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਖ਼ੁਦ ਨੂੰ ਉਹ ਸਭ ਕਰਨ ਲਈ ਮਜਬੂਰ ਨਹੀਂ ਕਰਦੀ ਜੋ ਉਸ ਦੀ ਨਜ਼ਰ ਵਿੱਚ ਟੈਨਿਸ ਵਿੱਚ ਸਰਵਸ੍ਰੇਸ਼ਠ ਬਣਨ ਲਈ ਜ਼ਰੂਰੀ ਹੈ। ਬਾਰਟੀ ਨੇ ਆਪਣੀ ਸਾਬਕਾ ਜੋੜੀਦਾਰ ਕੇਸੀ ਡੀਲੂਕਾ ਨਾਲ ਇੱਕ ਗੈਰ-ਰਸਮੀ ਇੰਟਰਵਿਊ ਦੌਰਾਨ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਅਸਲ ਵਿਚ ਜਨਤਕ ਤੌਰ ਤੇ ਇਹ ਗੱਲ ਕਹੀ ਅਤੇ ਇਹ ਕਹਿਣਾ ਮੁਸ਼ਕਲ ਹੈ।’ ਉਨ੍ਹਾਂ ਕਿਹਾ ਉਹ ਮੇਰੇ ਅੰਦਰ ਉਹ ਸਰੀਰਕ ਤਾਕਤ, ਉਹ ਇੱਛਾ ਸ਼ਕਤੀ ਅਤੇ ਉਹ ਸਭ ਚੀਜਾਂ ਨਹੀਂ ਹਨ ਜੋ ਉੱਚ ਪੱਧਰ ਤੇ ਖ਼ੁਦ ਨੂੰ ਚੁਣੌਤੀ ਦੇਣ ਲਈ ਜ਼ਰੂਰੀ ਹੁੰਦੀਆਂ ਹਨ।
ਜਿਕਰਯੋਗ ਹੈ ਕਿ ਉਹ 2011 ਵਿਚ 15 ਸਾਲ ਦੀ ਉਮਰ ਵਿੱਚ ਵਿੰਬਲਡਨ ਜੂਨੀਅਰ ਚੈਂਪੀਅਨ ਬਣੀ ਅਤੇ ਉਨ੍ਹਾਂ ਦਾ ਕੈਰੀਅਰ ਸ਼ਾਨਦਾਰ ਨਜ਼ਰ ਆ ਰਿਹਾ ਸੀ ਪਰ ਉਨ੍ਹਾਂ ਨੇ 2014 ਵਿੱਚ ਥਕਾਵਟ, ਦਬਾਅ ਅਤੇ ਲੰਬੇ ਸਫ਼ਰ ਕਾਰਨ ਖ਼ੁਦ ਨੂੰ 2 ਸਾਲ ਤੱਕ ਖੇਡ ਤੋਂ ਦੂਰ ਰੱਖਿਆ। ਉਹ ਆਸਟ੍ਰੇਲੀਆ ਵਿੱਚ ਇਸ ਦੌਰਾਨ ਪੇਸ਼ੇਵਰ ਕ੍ਰਿਕਟ ਖੇਡਣ ਲੱਗੀ ਪਰ ਬਾਅਦ ਵਿੱਚ ਉਨ੍ਹਾਂ ਨੇ ਫਿਰ ਤੋਂ ਰੈਕੇਟ ਫੜਿਆ ਅਤੇ ਆਪਣੀ ਖੇਡ ਵਿੰਚ ਵਾਪਸੀ ਕੀਤੀ। ਬਾਰਟੀ ਨੰਬਰ ਇੱਕ ਤੇ ਰਹਿੰਦੇ ਹੋਏ ਸੰਨਿਆਸ ਲੈਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਜਸਟਿਨ ਹੇਨਿਨ ਨੇ ਮਈ 2008 ਵਿੱਚ ਨੰਬਰ ਇੱਕ ਤੇ ਰਹਿੰਦੇ ਹੋਏ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ।






