ਹੈਦਰਾਬਾਦ, 23 ਮਾਰਚ- ਹੈਦਰਾਬਾਦ ਵਿੱਚ ਕਬਾੜ ਗੋਦਾਮ ਵਿੱਚ ਤੜਕੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 11 ਪ੍ਰਵਾਸੀ ਮਜ਼ਦੂਰਾਂ ਦੀ ਝੁਲਸ ਕੇ ਮੌਤ ਹੋ ਗਈ। ਪੁਲੀਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਨਾਲ ਸੰਬੰਧ ਰੱਖਣ ਵਾਲੇ ਇਹ ਸਾਰੇ ਪ੍ਰਵਾਸੀ ਮਜ਼ਦੂਰ ਸ਼ਹਿਰ ਦੇ ਭੋਈਗੁੜਾ ਵਿੱਚ ਇੱਕ ਇਮਾਰਤ ਦੀ ਪਹਿਲੀ ਮੰਜ਼ਲ ਤੇ ਮ੍ਰਿਤਕ ਮਿਲੇ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 11 ਵਿਅਕਤੀਆ ਦੀ ਅੱਗ ਵਿੱਚ ਜਿਊਂਦੇ ਸੜਨ ਨਾਲ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਤੜਕੇ ਕਰੀਬ 3 ਵਜੇ ਫੋਨ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਕਰੀਬ 4 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਲ ਤੇ ਸੌਂ ਰਹੇ ਇਹ 11 ਵਿਅਕਤੀ ਖ਼ੁਦ ਨੂੰ ਨਹੀਂ ਬਚਾ ਸਕੇ, ਕਿਉਂਕਿ ਉੱਥੇ ਸਿਰਫ਼ ਇੱਕ ਹੀ ਪੌੜੀ ਸੀ।






