ਅੰਮ੍ਰਿਤਸਰ, 23 ਮਾਰਚ 2022 – ਗੁਰਮਤਿ ਲੀਹ ਤੋਂ ਲਾਂਭੇ ਜਾਣ ਅਤੇ ਕੁਰੀਤੀਆਂ ਦਾ ਸੰਗ ਕਰਨ ਵਾਲੀਆਂ ਰਾਜ ਸਕਤੀਆਂ ਨੂੰ ਵੰਗਾਰਨ ਵਾਲੇ ਸਿੱਖ ਕੌਮ ਦੇ ਮਹਾਨ ਸੂਰਬੀਰ ਅਣਖੀ ਜਰਨੈਲ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ, ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ, ਰਾਜਨੀਤਕ, ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ 2023 ਦਾ ਪੂਰਾ ਸਾਲ ਹੀ ਵਿਸ਼ਾਲ ਗੁਰਮਤਿ ਸਮਾਗਮਾਂ ਨਾਲ ਮਨਾਈ ਜਾਵੇਗੀ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਜੀ ਅਕਾਲੀ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ 2023 ਵਿੱਚ ਆ ਰਹੀ ਹੈ। ਇਸ ਨੂੰ ਪੂਰੇ ਸਿੱਖੀ ਜਾਹੋ ਜਲਾਲ ਨਾਲ ਮਨਾਉਣ ਲਈ ਪ੍ਰੋਗਰਾਮ ਬੁੱਢਾ ਦਲ ਵਲੋਂ ਸਾਰੇ ਸਿੱਖ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁ: ਮੈਨੇਜਮੈਂਟ ਕਮੇਟੀ ਹੋਰ ਧਾਰਮਿਕ ਸੰਸਥਾਵਾਂ ਦੇ ਮੁਖੀ ਸਾਹਿਬਾਨਾਂ ਅਤੇ ਰਾਜਨੀਤਕ ਦਲਾਂ, ਸਮਾਜ ਅੰਦਰ ਭਲੇ ਦੇ ਕਾਰਜ ਨਾਲ ਜੁੜੀਆਂ ਸਭਾ ਸੁਸਾਇਟੀਆਂ, ਸਿੰਘ ਸਭਾਵਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਲਿਆ ਜਾਵੇਗਾ।ਸ਼ਤਾਬਦੀ ਦੇ ਸਾਰੇ ਪ੍ਰੋਗਰਾਮਾਂ ਦੇ ਨਕਸ-ਨੁਹਾਰ ਘੜ ਲਏ ਗਏ।ਜਿਨ੍ਹਾਂ ਦਾ ਇੱਕ ਵਿਸ਼ੇਸ਼ ਬਰੋਸ਼ਰ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ ਤੇ ਇਹ ਸੰਗਤਾਂ ਤੀਕ ਜਲਦ ਹੀ ਪੁਜਦਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਬਾਬਾ ਫੂਲਾ ਸਿੰਘ ਅਕਾਲੀ ਜੀ ਦਾ ਮਾਝੇ ਦਾ ਹੈਡਕੁਆਟਰ ਰਿਹਾ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਸ਼ਤਾਬਦੀ ਨੂੰ ਸਮਰਪਿਤ ਮੁਖ ਸਮਾਗਮ ਹੋਵੇਗਾ।ਉਸ ਤੋਂ ਪਹਿਲਾਂ ਉਨ੍ਹਾਂ ਦੇ ਜਨਮ ਸਥਾਨ ਦਹੇਲਾਂ ਸੀਹਾਂ ਜਿਲ੍ਹਾ ਸੰਗਰੂਰ, ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਦਮਦਮਾ ਸਾਹਿਬ ਹੈਡ ਕੁਆਟਰ ਬੁੱਢਾ ਦਲ ਤਲਵੰਡੀ ਸਾਬੋ ਬਠਿੰਡਾ, ਗੁਰਦੁਆਰਾ ਬੰਗਲਾ ਸਾਹਿਬ ਪਾ: 7ਵੀਂ ਦਿੱਲੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ, ਆਦਿ ਅਸਥਾਨਾਂ ਤੇ ਹੋਣਗੇ।ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਕਾਲ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਆਪਣੇ ਲਿਖਤੀ ਤੌਰ ਤੇ ਪਰਚੇ ਪੇਸ਼ ਕਰਨਗੇ।
ਸ਼ਤਾਬਦੀ ਮੁਖ ਸਮਾਗਮ ਵਿੱਚ ਪੰਜ ਸਿੱਖ ਫੌਜੀ ਜਰਨੈਲਾਂ ਨੂੰ ਬੁੱਢਾ ਦਲ ਵਿਸ਼ੇਸ਼ ਤੌਰ ਤੇ ਸਨਮਾਨਤ ਕਰੇਗਾ।ਏਸੇ ਤਰਾਂ ਵੱਖਵੱਖ ਖੇਤਰਾਂ ਵਿੱਚ ਜ਼ਿਕਰਯੋਗ ਨਾਮਣਾ ਖੱਟਣ ਵਾਲੀਆਂ ਪੰਜ-ਪੰਜ ਸਖਸ਼ੀਅਤਾਂ ਵੀ ਸਨਮਾਨ ਦਾ ਹਿੱਸਾ ਬਨਣਗੀਆਂ।ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਇੱਕ ਵਿਸ਼ੇਸ਼ ਅਭਿਨੰਦਨ ਗ੍ਰੰਥ ਪ੍ਰਕਾਸ਼ਤ ਹੋਵੇਗਾ ਜਿਸ ਦੇ ਸੰਪਾਦਕ ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੂੰ ਸੇਵਾ ਸੌਂਪੀ ਗਈ ਹੈ।ਸਮੂਹ ਨਿਹੰਗ ਸਿੰਘ ਦਲਾਂ ਦਾ ਇੱਕ ਵਿਸ਼ੇਸ਼ ਸੰਮੇਲਨ ਹੋਵੇਗਾ ਜਿਸ ਵਿੱਚ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਿਰ ਜੋੜ ਕਰ ਵਿਸ਼ੇਸ਼ ਗੁਰਮਤੇ ਪਾਸ ਕਰਨਗੇ।ਉਨ੍ਹਾਂ ਕਿਹਾ ਦੇਸ਼, ਵਿਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਬਾਬਾ ਫੂਲਾ ਸਿੰਘ ਅਕਾਲੀ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਰਚੇ ਜਾਣਗੇ।ਉਨ੍ਹਾਂ ਦੱਸਿਆ ਗੁਰਬਾਣੀ ਕੀਰਤਨ ਦਰਬਾਰ, ਕਵੀ ਦਰਬਾਰ, ਸਮਾਗਮ ਹੋਣਗੇ, ਉਥੇ ਕਵੀਸਰ ਅਤੇ ਢਾਡੀਆਂ ਦੇ ਅਕਾਲੀ ਫੂਲਾ ਸਿੰਘ ਨਾਲ ਸਬੰਧਤ ਦਿੱਤੇ ਵਿਸ਼ਿਆਂ ਦੇ ਮੁਕਾਬਲੇ ਹੋਣਗੇ।ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਨੂੰ ਵਿਸ਼ੇਸ਼ ਇਨਾਮ, ਅਵਾਰਡ ਦਿੱਤੇ ਜਾਣਗੇ। ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਟੀ. ਵੀ. ਚੈਨਲਾਂ ਤੋਂ ਹੋਵੇਗਾ।






