ਪੈਨਸਿਲਵੇਨੀਆ, 29 ਮਾਰਚ -ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਹਾਈਵੇਅ ਤੇ ਬਰਫ਼ੀਲੇ ਤੂਫਾਨ ਕਾਰਨ ਇੱਕ-ਇੱਕ ਕਰਕੇ 60 ਵਾਹਨ ਆਪਸ ਵਿੱਚ ਟਕਰਾ ਗਏ ਅਤੇ ਉਹਨਾਂ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁਲਕਿਲ ਕਾਊਂਟੀ ਦੇ ਹਾਈਵੇਅ ਤੇ ਬੀਤੇ ਦਿਨ ਵਾਪਰਿਆ। ਪੁਲੀਸ ਮੁਤਾਬਕ ਹਾਦਸੇ ਵਿੱਚ ਸ਼ਾਮਲ ਵਾਹਨਾਂ ਦੀ ਗਿਣਤੀ 40 ਤੋਂ 60 ਤੱਕ ਹੋ ਸਕਦੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਹਾਦਸੇ ਦੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਰਫ਼ਬਾਰੀ ਕਾਰਨ ਹਾਈਵੇਅ ਤੇ ਕਾਫੀ ਘੱਟ ਹੀ ਦਿਖਾਈ ਦੇ ਰਿਹਾ ਹੈ ਅਤੇ ਵਾਹਨ ਆਪਸ ਵਿੱਚ ਟਕਰਾ ਰਹੇ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨਾਂ ਵਿੱਚ ਬੈਠੀਆਂ ਸਵਾਰੀਆਂ ਅਤੇ ਡਰਾਈਵਰ ਆਪਣੇ ਵਾਹਨ ਛੱਡ ਕੇ ਭੱਜਦੇ ਨਜ਼ਰ ਆਏ। ਸਾਰਾ ਰਸਤਾ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਭਾਲ ਅਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਲਕਿਲ ਕਾਉਂਟੀ ਵਿੱਚ ਇਹ ਦੂਜੀ ਵੱਡੀ ਘਟਨਾ ਹੈ। ਘਟਨਾ ਦੀ ਵੀਡੀਓ ਵਿੱਚ ਟਰੈਕਟਰ-ਟਰੇਲਰ ਅਤੇ ਕਾਰਾਂ ਤਿਲਕਦੇ ਹੋਏ ਅਤੇ ਇੱਕ ਦੂਜੇ ਨਾਲ ਟਕਰਾਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਕਾਰਨ 5 ਗੱਡੀਆਂ ਨੂੰ ਅੱਗ ਲੱਗ ਗਈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ 4 ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਸਵੇਰੇ ਕਰੀਬ 10:30 ਵਜੇ ਵਾਪਰਿਆ। ਇਸ ਤੋਂ ਬਾਅਦ ਆਸਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ।





