ਯੇਰੂਸ਼ਲਮ, 8 ਅਪੈਲ- ਇਜ਼ਰਾਇਲੀ ਸ਼ਹਿਰ ਤੇਲ ਅਵੀਵ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਕਰੀਬ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪਿਛਲੇ ਇੱਕ ਮਹੀਨੇ ਦੌਰਾਨ ਇੱਥੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਹੁਣ ਤਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਤੇਲ ਅਵੀਵ ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਦੋ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਐਂਬੂਲੈਂਸ ਸੇਵਾ ਮੈਗਨ ਡੇਵਿਡ ਅਡੋਮ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਗੰਭੀਰ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ ਅਤੇ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਅਸੀਂ ਅੱਤਵਾਦੀ ਦੀ ਭਾਲ ਕਰ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ। ਬਿਲਕੁਲ ਜ਼ਰੂਰੀ ਹੋਣ ਤੇ ਹੀ ਬਾਹਰ ਨਿਕਲੋ, ਨਾਲ ਹੀ ਘਰ ਦੀ ਬਾਲਕੋਨੀ ਵਿਚ ਜਾਣ ਤੋਂ ਵੀ ਬਚੋ। ਘਟਨਾ ਤੋਂ ਬਾਅਦ ਜਾਰੀ ਕੀਤੇ ਗਏ ਫੁਟੇਜ ਵਿੱਚ ਪੁਲੀਸ ਅਧਿਕਾਰੀ ਘਟਨਾ ਵਾਲੀ ਥਾਂ ਤੇ ਡਿਜਗਾਫ ਸਟਰੀਟ ‘ਤੇ ਹਮਲਾਵਰ ਦੀ ਭਾਲ ਕਰਦੇ ਹੋਏ ਦੇਖੇ ਜਾ ਸਕਦੇ ਹਨ। ਪੁਲਿਸ ਹਰ ਸੰਭਵ ਸਾਧਨਾਂ ਦੀ ਮਦਦ ਨਾਲ ਅੱਤਵਾਦੀ ਦੀ ਭਾਲ ਕਰ ਰਹੀ ਹੈ। ਹੈਲੀਕਾਪਟਰ ਰਾਹੀਂ ਹਲਮਾਵਰ ਦੀ ਤਲਾਸ਼ੀ ਲਈ ਜਾ ਰਹੀ ਹੈ।






