ਧੂਰੀ/ਸੰਗਰੂਰ, 8 ਅਪ੍ਰੈਲ, 2022: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋ ਨਗਰ ਕੌਂਸਲ ਧੂਰੀ ਵਿਖੇ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਐਸ.ਸੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕੀਤੀਆਂ। ਉਹਨਾਂ ਨੇ ਦੱਸਿਆ ਕਿ ਐਸ ਸੀ ਭਾਈਚਾਰੇ ਨੂੰ ਆਮ ਜੀਵਨ ਦੌਰਾਨ ਸਮਾਜਿਕ ਜਾਂ ਆਰਥਿਕ ਪੱਧਰ ਉੱਤੇ ਜੋ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਉਹਨਾਂ ਮੁਸ਼ਕਲਾਂ ਦੇ ਢੁਕਵੇਂ ਹੱਲ ਲਈ ਭਾਈਚਾਰੇ ਦੇ ਲੋਕ, ਕਮਿਸ਼ਨ ਕੋਲ ਪਹੁੰਚ ਕਰਦੇ ਹਨ ਅਤੇ ਫਿਰ ਅਜਿਹੀਆਂ ਮੁਸ਼ਕਲਾਂ ਦੀ ਪੜਤਾਲ ਲਈ ਉਹ ਖੁਦ ਸਬੰਧਤ ਜ਼ਿਲ੍ਹੇ ਦੇ ਅਧਿਕਾਰੀਆਂ ਸਮੇਤ ਸਬੰਧਤ ਖੇਤਰ ਵਿੱਚ ਜਾ ਕੇ ਸ਼ਿਕਾਇਤਕਰਤਾਵਾਂ ਤੋਂ ਜਾਣਕਾਰੀ ਹਾਸਿਲ ਕਰਦੇ ਹਨ ਅਤੇ ਮੌਕੇ ਤੇ ਹੀ ਸਮਸਿਆ ਦਾ ਨਿਪਟਾਰਾ ਕਰਦੇ ਹਨ।
ਉਹਨਾਂ ਨੇ ਦੱਸਿਆ ਕਿ ਕਮਿਸ਼ਨ ਕੋਲ ਪੁੱਜੀਆਂ ਧੂਰੀ ਸਬ ਡਵੀਜ਼ਨ ਦੀਆਂ ਵੱਖ ਵੱਖ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲੋਕ ਅਦਾਲਤ ਲਗਾਈ ਗਈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਕਮਿਸ਼ਨ ਮੈਂਬਰ ਨੇ ਕਿਹਾ ਕਿ ਉਹ ਐਸ.ਸੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਢੁਕਵਾਂ ਹੱਲ ਕਰਨ ਲਈ ਯਤਨ ਕਰ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸੰਗਰੂਰ, ਮਲੇਰਕੋਟਲਾ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਦੌਰੇ ਕਰਕੇ ਸਬੰਧਤ ਧਿਰਾਂ ਅਤੇ ਪ੍ਰਸਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਝਗੜੇ ਨਿਪਟਾਏ ਜਾ ਰਹੇ ਹਨ। ਸ੍ਰੀ ਚੰਦਰੇਸ਼ਵਰ ਸਿੰਘ ਨੇ ਦੱਸਿਆ ਕਿ ਧੂਰੀ ਨਾਲ ਸੰਬੰਧਿਤ 10 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਹੀ ਕਰ ਦਿੱਤਾ ਗਿਆ ਹੈ। ਇਸ ਮੌਕੇ ਐਸ ਡੀ ਐੱਮ ਇਸਮਤ ਵਿਜੈ ਸਿੰਘ, ਡੀਐੱਸਪੀ ਪਰਮਿੰਦਰ ਸਿੰਘ, ਤਹਿਸੀਲਦਾਰ ਜਿਨਸੂ ਬਾਂਸਲ, ਸਹਾਇਕ ਰਜਿਸਟਰਾਰ ਸਹਿਕਾਰਤਾ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਬੀਡੀਪੀਓ, ਐੱਸ ਐੱਚ ਓ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।






