ਪਟਿਆਲਾ, 19 ਅਪ੍ਰੈਲ- ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਮੁੜ ਚਰਚਾ ਦੇ ਕੇਂਦਰ ਵਿੱਚ ਹੈ। ਪਟਿਆਲਾ ਵਿੱਚ ਖੁੱਲੇ ਵਿੱਚ ਲਗਾਏ ਗਏ ਮੀਟਰ ਬਕਸਿਆਂ ਦੇ ਦਰਵਾਜੇ ਹਰ ਸਮੇਂ ਖੁੱਲੇ ਹੀ ਰੱਖੇ ਜਾਂਦੇ ਹਨ ਜਿਸ ਕਾਰਨ ਜਿੱਥੇ ਹਾਦਸੇ ਹੋਣ ਦਾ ਖਤਰਾ ਰਹਿੰਦਾ ਹੈ ਉੱਥੇ ਕਈ ਵਾਰ ਜਾਨਵਰਾਂ ਨੂੰ ਕਰੰਟ ਲੱਗਣ ਦਾ ਖ਼ਤਰਾ ਰਹਿੰਦਾ ਹੈ।
ਇਸ ਸਬੰਧੀ ਗੱਲ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੇ ਦੱਸਿਆ ਕਿ ਪੂਰੇ ਪਟਿਆਲੇ ਵਿੱਚ ਇਸ ਤਰ੍ਹਾਂ ਦੇ ਮੀਟਰ ਬਕਸੇ ਖੁੱਲ੍ਹੇ ਹੀ ਪਏ ਹਨ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ। ਉਹਨਾਂ ਕਿਹਾ ਕਿ ਜੇਕਰ ਇਹਨਾਂ ਮੀਟਰ ਬਕਸਿਆਂ ਵਿੱਚ ਪੈਣ ਵਾਲਾ ਬਰਸਾਤ ਦਾ ਪਾਣੀ ਇਨ੍ਹਾਂ ਮੀਟਰਾਂ ਵਿੱਚ ਚਲਾ ਜਾਵੇ ਤਾਂ ਇਸ ਨਾਲ ਅੱਗ ਵੀ ਲੱਗ ਸਕਦੀ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹ ਕਈ ਵਾਰ ਬਿਜਲੀ ਮੁਲਾਜ਼ਮਾਂ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ।
ਇਸ ਸਬੰਧੀ ਗੱਲ ਕਰਨ ਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਸz. ਚਰਨਜੀਤ ਸਿੰਘ ਨੇ ਕਿਹਾ ਕਿ ਉਹ ਖੇਤਰ ਉਹਨਾਂ ਦੇ ਅਧੀਨ ਨਹੀਂ ਹੈ। ਦੂਜੇ ਪਾਸੇ ਬਿਜਲੀ ਵਿਭਾਗ ਦੇ ਐਸ ਡੀ ਓ ਰਣਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਇਸ ਸੰਬੰਧੀ ਚਰਨਜੀਤ ਸਿੰਘ ਨੂੰ ਪੁੱਛਿਆ ਤਾਂ ਉਸਨੇ ਮੰਨਿਆ ਕਿ ਉਹ ਏਰੀਆ ਉਸੇ ਕੋਲ ਹੈ। ਇਸ ਸਬੰਧੀ ਗੱਲ ਕਰਨ ਤੇ ਜ਼ਿਲ੍ਹਾ ਇੰਚਾਰਜ ਐਸ ਸੀ ਗੁਰਤੇਜ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਜੇਕਰ ਅਜਿਹਾ ਕੁੱਝ ਉਹਨਾਂ ਦੀ ਜਾਣਕਾਰੀ ਵਿੱਚ ਲਿਆਂਦਾ ਜਾਵੇ ਤਾਂ ਉਹਨਾਂ ਵਲੋਂ ਕਰਮਚਾਰੀ ਭੇਜ ਕੇ ਅਜਿਹੇ ਮੀਟਰ ਬਕਸਿਆਂ ਨੂੰ ਤੁਰੰਤ ਠੀਕ ਕਰਵਾ ਦਿੱਤਾ ਜਾਵੇਗਾ।






