ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਕੱਤਰੇਤ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਮੌਜ਼ੂਦਗੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੰਗ ਪੱਤਰ ਦਿੰਦਿਆਂਂ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਪੰਥ ‘ਚੋਂ ਛੇਕਣ ਲਈ ਕਿਹਾ।
ਹਰਮੀਤ ਸਿੰਘ ਕਾਲਕਾ ਨੇ ਗੱਲਬਾਤ ਕਿਹਾ ਕਿ ਜਨਵਰੀ 2005 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦਿੱਲੀ ਦੀ ਧਾਰਮਿਕ ਜਥੇਬੰਦੀ ‘ਨੌਜਵਾਨ ਖ਼ਾਲਸਾ ਫੁਲਵਾੜੀ’ ਵੱਲੋਂ ਇਕ ਪੱਤਰ ਰਾਹੀਂ ਦਿੱਲੀ ਦੇ ਡਾ. ਵੇਮਰਾਜ ਭਾਨੂ ਮੂਰਤੀ ਬਾਰੇ ਸ਼ਿਕਾਇਤ ਕੀਤੀ ਸੀ ਜਿਸ ਵਿਚ ਸਪੱਸ਼ਟ ਲਿਿਖਆ ਸੀ ਕਿ ਉਸ ਸਮੇਂ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਜਨਰਲ ਸਕੱਤਰ ਕੁਲਮੋਹਨ ਸਿੰਘ ਵੱਲੋਂ ਡਾ. ਭਾਨੂ ਮੂਰਤੀ ਪਾਸੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਪੁਜੀ ਸਾਹਿਬ ‘ਸਹਿਜ ਰੀਤੀ ਅਤੇ ਉਚਾਰਣ ਰੀਤੀ’ 17 ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਸੀ, ਜਦਕਿ ਡਾ. ਭਾਨੂ ਮੂਰਤੀ ਕੇਵਲ ਅੰਗਰੇਜ਼ੀ ਤੇ ਤੇਲਗੂ ਭਾਸ਼ਾ ਹੀ ਜਾਣਦੇ ਸਨ। ਜਿਸ ਵਿਚ ਡਾ. ਭਾਨੂ ਮੂਰਤੀ ਵੱਲੋਂ ਜਪੁਜੀ ਸਾਹਿਬ ਦੀ ਬਾਣੀ ਦੀਆਂ ਕਈ ਲਗਾ-ਮਾਤਰਾਂ ਹਟਾ ਕੇ ਬਾਣੀ ਦੀ ਬੇਅਦਬੀ ਕੀਤੀ ਸੀ। ਉਸ ਕੇਸ ਦਾ ਹੁਣ ਤਕ ਕੋਈ ਨਿਪਟਾਰਾ ਨਹੀਂ ਹੋਇਆ। ਜਪੁਜੀ ਸਾਹਿਬ ਦੇ ਕੀਤੇ ਅਨੁਵਾਦ ਦੇ 17 ਹਜ਼ਾਰ ਕਿਤਾਬਚੇ ਛਪਵਾ ਕੇ ਸੰਗਤਾਂ ਵਿਚ ਵੰਡੇ ਜਿਸ ਵਿਚੋਂ ਇਕ ਹਜ਼ਾਰ ਕਿਤਾਬਚਾ ਹਰ ਭਾਸ਼ਾ ਦਾ ਸੀ। ਕਾਲਕਾ ਨੇ ਕਿਹਾ ਕਿ ਪਿਛਲੇ ਦਿਨੀਂ ਥਮਿੰਦਰ ਸਿੰਘ ਆਨੰਦ ਤੇ ਉਂਕਾਰ ਸਿੰਘ ਤੇ ਜੋ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਹੈ, ਉਸੇ ਤਰਜ਼ ਤੇ ਪੰਥਕ ਇਕੱਠ ਸੱਦ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਤਕ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਅਵਤਾਰ ਸਿੰਘ ਹਿੱਤ ਨੂੰ ਪਟਨਾ ਸਾਹਿਬ ਕਮੇਟੀ ਤੋਂ ਹਟਾਇਆ ਜਾਵੇ। ਕਾਲਕਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅਵਤਾਰ ਸਿੰਘ ਦੇ ਹਿੱਤ ‘ਤੇ ਕਾਰਵਾਈ ਕਰਨ ਹਿੱਤ ਨੂੰ ਦਿੱਲੀ ਦੇ ਪ੍ਰਧਾਨ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਤੋਂ ਤੁਰੰਤ ਹਟਾਉਣ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਨੂੰ ਲੈ ਕੇ ਕਾਲਕਾ ਨੇ ਕਿਹਾ ਕਿ ਇਕ ਪਰਿਵਾਰ ਤੋਂ ਹਟਾ ਕੇ ਯਤਨ ਕੀਤੇ ਜਾਣ ਤਾਂ ਉਹ ਹਰ ਤਰਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ 27 ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਪੂਰੀ ਤਰਾਂ ਤੋੜ-ਵਿਛੋੜਾ ਕਰ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਕੇ ਸੇਵਾ ਕਰ ਰਹੇ ਹਨ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਐਮਪੀਐਸ ਚੱਢਾ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਅੰਤ੍ਰਿੰਗ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਮੈਂਬਰ ਸਰਬਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਜਸਬੀਰ ਸਿੰਘ ਜੱਸੀ, ਮੋਹਿੰਦਰਪਾਲ ਸਿੰਘ ਚੱਢਾ, ਸੁਰਜੀਤ ਸਿੰਘ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਸਤਿੰਦਰਪਾਲ ਸਿੰਘ ਨਾਗੀ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੇਨ ਸਿੰਘ ਨੋਨੀ ਆਦਿ ਮੌਜੂਦ।






