ਜਾਗਰਣ ਸੰਵਾਦਦਾਤਾ, ਊਧਮਪੁਰ : ਸ੍ਰੀ ਅਮਰਨਾਥ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ‘ਚ ਲੱਗੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇਕ ਹੋਰ ਸਾਜ਼ਿਸ਼ ਨੂੰ ਨਾਕਾਮ ਬਣਾਉਂਦੇ ਹੋਏ ਜੰਮੂ ਦੇ ਰਾਮਬਨ ਜ਼ਿਲ੍ਹੇ ਦੇ ਜੰਗਲ ਤੋਂ ਇਕ ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲ਼ਾ-ਬਾਰੂਦ ਬਰਾਮਦ ਕੀਤਾ ਹੈ। ਸ੍ਰੀ ਅਮਰਨਾਥ ਯਾਤਰਾ ਦੇ ਵਾਹਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਰਾਮਬਨ ਜ਼ਿਲ੍ਹੇ ਤੋਂ ਹੋ ਕੇ ਹੀ ਗੁਜ਼ਰਦੇ ਹਨ। ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ।
ਰਾਮਬਨ ਪੁਲਿਸ ਨੂੰ ਧਰਮਕੁੰਡ ਥਾਣਾ ਖੇਤਰ ਤਹਿਤ ਸੁੰਬਰ ਦੇ ਜੰਗਲ ਵਿਚ ਅੱਤਵਾਦੀ ਟਿਕਾਣਾ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁੰਬਰ ਦੇ ਸੰਘਣੇ ਜੰਗਲ ਵਿਚ ਮੰਗਲਵਾਰ ਰਾਤ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਅੱਤਵਾਦੀ ਟਿਕਾਣੇ ਨੂੰ ਲੱਭਣ ਵਿਚ ਸਫਲ ਰਹੀ। ਹਥਿਆਰ ਬਰਾਮਦ ਕਰਕੇ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ।
ਇਹ ਹੋਇਆ ਬਰਾਮਦ : 179 ਰਾਊਂਡ ਗੋਲ਼ੀਆਂ (ਜਿਨ੍ਹਾਂ ‘ਚ ਏਕੇ-47 ਦੇ 132 ਰਾਊਂਡ, 7.65 ਐੱਮਐੱਮ ਦੇ 21 ਰਾਊਂਡ, 303 ਐੱਮਐੱਮ ਦੇ 14 ਰਾਊਂਡ ਤੇ ਚਾਈਨੀਜ਼ ਪਿਸਤੌਲ ਦੇ 12 ਰਾਊਂਡ), ਏਕੇ ਰਾਈਫਲ ਦੀਆਂ ਦੋ ਮੈਗਜ਼ੀਨ, ਇਕ ਵਾਇਰਲੈੱਸ ਸੈੱਟ, ਇਕ ਦੂਰਬੀਨ, ਦੋ ਯੂਬੀਜੀਐੱਲ ਗ੍ਨੇਡ ਅਤੇ ਇਕ ਯੂਬੀਜੀਐੱਲ ਟਿਊਬ।






