ਸੰਸਦ ਦਾ ਮੌਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ। ਇਸੇ ਦਿਨ ਰਾਸ਼ਟਰਪਤੀ ਚੋਣ ਹੋਵੇਗੀ। ਇਹ 12 ਅਗਸਤ ਤਕ ਚੱਲ ਸਕਦਾ ਹੈ। ਸੈਸ਼ਨ ਦੌਰਾਨ ਰਾਸ਼ਟਰਪਤੀ ਚੋਣ ਦੇ ਇਲਾਵਾ ਉਪ ਰਾਸ਼ਟਰਪਤੀ ਅਹੁਦੇ ਲਈ ਵੀ ਚੋਣ ਹੋਵੇਗੀ। ਉਪ ਰਾਸ਼ਟਰਪਤੀ ਜਿਹਡ਼ੇ ਰਾਜ ਸਭਾ ਦੇ ਚੇਅਰਮੈਨ ਵੀ ਹਨ, ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਇਸ ਵਾਰੀ ਰਾਜ ਸਭਾ ਦੇ ਜਨਰਲ ਸਕੱਤਰ ਰਾਸ਼ਟਰਪਤੀ ਚੋਣ ਲਈ ਰਿਟਰਨਿੰਗ ਅਧਿਕਾਰੀ ਹਨ ਜਦਕਿ ਲੋਕ ਸਭਾ ਦੇ ਜਨਰਲ ਸਕੱਤਰ ਉਪ ਰਾਸ਼ਟਰਪਤੀ ਦੀ ਚੋਣ ਲਈ ਰਿਟਰਨਿੰਗ ਅਧਿਕਾਰੀ ਹੋਣਗੇ।
ਸੈਸ਼ਨ ਦੌਰਾਨ ਦੋਵੇਂ ਸੰਵਿਧਾਨਕ ਅਹੁਦਿਆਂ ਦੀਆਂ ਵੋਟਾਂ ਦੀ ਗਿਣਤੀ ਵੀ ਸੰਸਦ ’ਚ ਹੋਵੇਗੀ। ਮੌਨਸੂਨ ਸੈਸ਼ਨ ਆਮ ਤੌਰ ’ਤੇ ਜੁਲਾਈ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ ਤੇ ਅਗਸਤ ਦੇ ਦੂਜੇ ਹਫ਼ਤੇ ਦੇ ਅੰਤ ਤਕ ਖ਼ਤਮ ਹੁੰਦਾ ਹੈ। ਸੰਸਦੀ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 18 ਜੁਲਾਈ ਤੋਂ 12 ਅਗਸਤ ਤਕ ਕੀਤਾ ਜਾਵੇ। ਮੌਜੂਦਾ ਸੰਸਦ ਭਵਨ ’ਚ ਇਹ ਆਖ਼ਰੀ ਸੈਸ਼ਨ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਦੇ ਸਪੀਕਰ ਕਈ ਮੌਕਿਆਂ ’ਤੇ ਐਲਾਨ ਕਰ ਚੁੱਕੇ ਹਨ ਕਿ 2022 ਦਾ ਸਰਦ ਰੁੱਤ ਇਜਲਾਸ ਨਵੀਂ ਇਮਾਰਤ ’ਚ ਕੀਤਾ ਜਾਵੇਗਾ।






