ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਫੌਜ ਵਿੱਚ ਭਰਤੀ ਲਈ ਨਵੀਂ ਅਗਨੀਪੱਥ ਸਕੀਮ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ। ਸੀਐਮ ਮਾਨ ਨੇ ਇਹ ਗੱਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਗਨੀਪਥ ਸਕੀਮ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀ।
ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਸਰਬਸੰਮਤੀ ਨਾਲ ਲਿਆਂਦਾ ਜਾਵੇਗਾ। ਸੀਐਮ ਭਗਵੰਤ ਮਾਨ ਨੇ ਕਿਹਾ, ‘ਉਹ ਅਗਨੀਪਥ ਸਕੀਮ ਦੇ ਬਿਲਕੁਲ ਖਿਲਾਫ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਇੱਕ 17 ਸਾਲ ਦਾ ਬੱਚਾ ਫੌਜ ਵਿੱਚ ਭਰਤੀ ਹੋਵੇਗਾ ਅਤੇ 21 ਸਾਲ ਵਿੱਚ ਸਾਬਕਾ ਫੌਜੀ ਬਣ ਜਾਵੇਗਾ। ਇਸ ਉਮਰ ਵਿਚ ਉਸ ਦਾ ਵਿਆਹ ਵੀ ਨਹੀਂ ਹੋਇਆ ਹੋਣਾ। ਉਹ ਫੌਜ ਤੋਂ ਆਉਣ ਤੋਂ ਬਾਅਦ ਕੰਟੀਨ ਤੋਂ ਸਾਮਾਨ ਲੈਣ ਦੀ ਸਹੂਲਤ ਵੀ ਨਹੀਂ ਲੈ ਸਕੇਗਾ।
ਉਨ੍ਹਾਂ ਕਿਹਾ ਕਿ ਨੌਜਵਾਨ ਸਖਤ ਮਿਹਨਤ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੁੰਦੇ ਹਨ ਤੇ 35 ਸਾਲ ਦੀ ਉਮਰ ਤੱਕ ਨੌਕਰੀ ਕਰਦੇ ਹਨ, ਜਦਕਿ ਨਵੀਂ ਸਕੀਮ ਤਹਿਤ ਉਨ੍ਹਾਂ ਨੂੰ ਇੰਨੀ ਮਿਹਨਤ ਤੋਂ ਬਾਅਦ 4 ਸਾਲ ਬਾਅਦ ਹੀ ਫੌਜ ਵਿੱਚ ਭਰਤੀ ਹੋਣਾ ਪਵੇਗਾ।
ਮੁੱਖ ਮੰਤਰੀ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਗਨੀਪਥ ਯੋਜਨਾ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਇਸ ਦੇ ਖਿਲਾਫ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਾਵੇ। ਹਾਲਾਂਕਿ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕੀਮ ਨੌਜਵਾਨਾਂ ਦੇ ਹਿੱਤ ਵਿੱਚ ਹੈ।
ਦੱਸ ਦਈਏ ਕਿ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰਾਂ ਨੂੰ 4 ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਉਨ੍ਹਾਂ ਨੂੰ ਪਹਿਲੇ ਸਾਲ ਲਗਭਗ 30,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਫਿਰ ਇਹ ਹਰ ਸਾਲ 10 ਫੀਸਦੀ ਵਧੇਗੀ, ਯਾਨੀ ਦੂਜੇ ਸਾਲ ਉਨ੍ਹਾਂ ਦੀ ਤਨਖਾਹ 33,000, ਤੀਜੇ ਸਾਲ 36,500 ਅਤੇ ਚੌਥੇ ਸਾਲ 40,000 ਰੁਪਏ ਹੋ ਜਾਵੇਗੀ।
ਇਸ ਦੌਰਾਨ, ਸੇਵਾ ਨਿਧੀ ਫੰਡ ਲਈ ਉਨ੍ਹਾਂ ਦੀ ਤਨਖਾਹ ਦਾ ਲਗਭਗ 30% ਹਰ ਮਹੀਨੇ ਕੱਟਿਆ ਜਾਵੇਗਾ। ਸੇਵਾ ਖਤਮ ਹੋਣ ‘ਤੇ ਭਾਵ 4 ਸਾਲ ਬਾਅਦ, ਸਰਕਾਰ ਵੱਲੋਂ ਹਰੇਕ ਅਗਨੀਵੀਰ ਨੂੰ ਕੁੱਲ 11.77 ਲੱਖ ਰੁਪਏ ਤੱਕ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਚਾਰ ਸਾਲਾਂ ਬਾਅਦ, ਲਗਭਗ 25 ਪ੍ਰਤੀਸ਼ਤ ਅਗਨੀਵੀਰਾਂ ਨੂੰ ਅਗਲੀ ਸੇਵਾ ਲਈ ਬਰਕਰਾਰ ਰੱਖਿਆ ਜਾਵੇਗਾ।






